ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ
ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਦੇ ਸੱਦੇ ’ਤੇ ਪੰਜਾਬ ਦੇ ਸਮੂਹ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਆਗੂਆਂ ਵੱਲੋਂ ਇਥੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਪੇਅ ਕਮਿਸ਼ਨ ਦੀ ਕਥਿਤ ਧੱਕੇਸ਼ਾਹੀ ਦੇ ਖ਼ਿਲਾਫ਼ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂਆਂ ਕਰਮਜੀਤ ਸਿੰਘ ਬੀਹਲਾ, ਇੰਜਨੀਅਰ ਜੋਗਿੰਦਰ ਸਿੰਘ ਬਡਰੁੱਖਾਂ, ਕੁਲਵੰਤ ਸਿੰਘ, ਇੰਜਨੀਅਰ ਕੁਲਵਿੰਦਰਪਾਲ ਸਿੰਘ ਅਤੇ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਪੇਅ ਕਮਿਸ਼ਨ ਦੀ ਅਨਾਮਲੀ 2011 ਵਿੱਚ ਦੂਰ ਕੀਤੀ ਗਈ ਸੀ ਪਰ ਛੇਵੇਂ ਪੇਅ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ 2.25 ਦਾ ਫੈਕਟਰ ਲਾਗੂ ਕਰਕੇ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਹੈ। ਇਸ ਤੋਂ ਇਲਾਵਾ ਦਸੰਬਰ 2011 ਤੋਂ ਮਿਲਦੇ ਮਹੀਨਾਵਾਰ ਪੈਟਰੋਲ ਤੀਹ ਲੀਟਰ ਦੀ ਸਹੂਲਤ ਵੀ ਖੋਹ ਲਈ ਗਈ ਹੈ ਅਤੇ ਉਪ ਮੰਡਲ ਇੰਜਨੀਅਰਾਂ ਨੂੰ ਫੀਲਡ ਵਿੱਚ ਜਾਣ ਲਈ ਕੋਈ ਭੱਤਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸ੍ਰੀ ਸਿੰਗਲਾ ਨੇ ਕੈਬਨਿਟ ਸਬ-ਕਮੇਟੀ ਨੂੰ ਸਬੰਧਤ ਮੁਲਾਜ਼ਮ ਮਸਲੇ ਨੂੰ ਹੱਲ ਕਰਨ ਬਾਰੇ ਮੌਕੇ ’ਤੇ ਹੀ ਸਿਫ਼ਾਰਸ਼ ਕੀਤੀ ਅਤੇ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਇੰਜਨੀਅਰਾਂ ਨੂੰ ਪੇਅ ਕਮਿਸ਼ਨ ਕੋਲੋਂ ਇਨਸਾਫ਼ ਦਿਵਾਇਆ ਜਾਵੇਗਾ।
ਵਫ਼ਦ ਵਿੱਚ ਕੁਲਦੀਪ ਸਿੰਘ ਬਰਨਾਲਾ, ਸੰਜੀਵ ਕੁਮਾਰ ਰੰਚਨਾ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੁਮਾਰ, ਅੰਮ੍ਰਿਤਪਾਲ ਸਿੰਘ ਮਿੱਠੇਵਾਲ, ਸੁਖਵੀਰ ਸਿੰਘ, ਗੋਰਾ ਲਾਲ, ਗੁਰਬਿੰਦਰ ਸਿੰਗਲਾ, ਗੁਰਤੇਜ ਸਿੰਘ, ਮੋਹਿਤ ਗੋਇਲ ਆਦਿ ਸ਼ਾਮਲ ਸਨ।