ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ-ਚੁੱਕਣ ਦੇ ਕਰੀਬ ਇੱਕ ਹਫ਼ਤੇ ਮਗਰੋਂ ਹੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਅੱਗੇ ਧਰਨਿਆਂ ਦੀ ਸ਼ੁਰੂਆਤ ਹੋ ਗਈ ਹੈ। ਪਲੇਠਾ ਰੋਸ ਧਰਨਾ ਪੰਥਕ ਚੇਤਨਾ ਲਹਿਰ ਦੇ ਕਨਵੀਨਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਦਿੱਤਾ ਗਿਆ ਜੋ ਇਕੱਲੇ ਹੀ ਧਰਨੇ ’ਤੇ ਬੈਠੇ। ਫੱਗੂਵਾਲਾ ਨੇ ‘ਆਪ’ ਵੱਲੋਂ ਰਾਜ ਸਭਾ ਲਈ ਭੇਜੇ ਉਮੀਦਵਾਰਾਂ ਦੇ ਵਿਰੋਧ ’ਚ ਇਹ ਧਰਨਾ ਦਿੱਤਾ ਅਤੇ ਇਸ ਨੂੰ ਪੰਜਾਬ ਨਾਲ ਧੋਖਾ ਕਰਾਰ ਦਿੱਤਾ। ਫੱਗੂਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਵਿੱਚ ‘ਮਿੱਟੀ ਦੇ ਮਾਧੋ’ ਚੁਣ ਕੇ ਨਹੀਂ ਭੇਜੇ ਜਿਨ੍ਹਾਂ ਨੂੰ ਦਿੱਲੀ ਵਾਲੇ ਜਿਵੇਂ ਮਰਜ਼ੀ ਵਰਤ ਲੈਣ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਰਾਜ ਸਭਾ ਲਈ ਭੇਜੇ ਉਮੀਦਵਾਰਾਂ ਦੀ ਚੋਣ ਦੇ ਮਾਮਲੇ ਵਿਚ ਪੰਜਾਬ ਨਾਲ ਧੋਖਾ ਕੀਤਾ ਹੈ ਜਿਸ ਤੋਂ ਜਾਪਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਨਕਲਾਬ ਜ਼ਿੰਦਾਬਾਦ ਦੇ ਨਾਂ ’ਤੇ ਗੁੰਮਰਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਸੰਕੇਤਕ ਧਰਨੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਚੇਤ ਕਰਨ ਆਏ ਹਨ ਕਿ ਰਾਜ ਸਭਾ ਦੇ ਮਾਮਲੇ ਵਿੱਚ ਤਾਂ ਕੰਡੇ ਬੀਜ ਦਿੱਤੇ ਹਨ, ਹੁਣ ਅੱਗੇ ਹੋਰ ਵੀ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਪੰਜਾਬ ਨਾਲ ਧੋਖਾ ਨਾ ਹੋਣ ਦਿਓ।