ਪੱਤਰ ਪ੍ਰੇਰਕ
ਲਹਿਰਾਗਾਗਾ, 4 ਜੁਲਾਈ
ਪੰਡ ਜਵਾਹਰਵਾਲਾ ਕੋਲੋਂ ਲੰਘਦੇ ਬਰਸਾਤੀ ਡਰੇਨ 166-167 ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨ ਚਿੰਤਤ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਵਫ਼ਦ ਐੱਸਡੀਐੱਮ ਪ੍ਰਮੋਦ ਸਿੰਗਲਾ ਨੂੰ ਮਿਲਿਆ ਤੇ ਮੰਗ ਪੱਤਰ ਦੇ ਕੇ ਦੱਸਿਆ ਕਿ ਇਸ ਡਰੇਨ ਦੀ ਪਿੱਛਲੇ ਚਾਰ ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਮੀਂਹ ਵੇਲੇ ਸੈਂਕੜੇ ਏਕੜ ਫਸਲ ਤਬਾਹ ਹੋ ਜਾਂਦੀ ਹੈ ਤੇ ਡਰੇਨ ਵਿਭਾਗ ਮੂਕ ਦਰਸ਼ਕ ਬਣਿਆ ਦੇਖਦਾ ਰਹਿੰਦਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਡਰੇਨ ਵਿੱਚ ਆਦਮ ਕੱਦ ਘਾਹ ਬੂਟੀ ਉੱਗੀ ਹੋਈ ਹੈ। ਜਿਸ ਕਾਰਨ ਇਹ ਨਾਲਾ ਬਿਲਕੁਲ ਬੰਦ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਸਾਲ ਡਰੇਨ ਵਿਭਾਗ ਨੂੰ ਕਰੋੜਾਂ ਰੁਪਿਆਂ ਦੇ ਫੰਡ ਡਰੇਨਾਂ ਦੀ ਸਫ਼ਾਈ ਲਈ ਜਾਰੀ ਕਰਦੀ ਹੈ। ਪਰ ਡਰੇਨ ਸਾਫ਼ ਨਹੀਂ ਕੀਤੇ ਜਾਂਦੇ। ਐੱਸਡੀਐੱਮ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਡਰੇਨ ਦੀ ਸਫ਼ਾਈ ਕਰਵਾਈ ਜਾਵੇਗੀ। ਡਰੇਨ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਸਫ਼ਾਈ ਲਈ ਫੰਡ ਆ ਗਿਆ ਤਾਂ ਕੰਮ ਕਰਵਾ ਦਿੱਤਾ ਜਾਵੇਗਾ।