ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ, 2 ਦਸੰਬਰ
ਸਥਾਨਕ ਗੁਰਦੁਆਰਾ ਮਹਿਲ ਮੁਬਾਰਕ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੁਲਵੰਤ ਸਿੰਘ ਕਲਕੱਤਾ, ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ ਤੇ ਕੇਹਰ ਸਿੰਘ ਦੀ ਦੇਖਰੇਖ ਹੇਠ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਸਬੰਧੀ ਸਮਾਗਮ ਵਿੱਚ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਘਨ੍ਹੱਈਆ ਸੇਵਾ ਦਲ, ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ, ਜੇ.ਪੀ. ਨਗਰ ਵੈੱਲਫੇਅਰ ਸੁਸਾਇਟੀ, ਕਰਮ ਸਿੰਘ ਨਗਰ ਵੈੱਲਫੇਅਰ ਸੁਸਾਇਟੀ, ਸੀਨੀਅਰ ਸਿਟੀਜ਼ਨ ਭਲਾਈ ਸੰਸਥਾ, ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਪਿੰਗਲਵਾੜਾ ਚੈਰੀਟੇਬਲ ਟਰੱਸਟ, ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ, ਵਿਰਸਾ ਸੰਭਾਲ ਸਰਦਾਰੀ ਲਹਿਰ ਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਆਰੰਭਤਾ ਸ੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਉਪਰੰਤ ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟੇਜ ਸੰਚਾਲਨ ਅਧੀਨ ਕੁਲਵੰਤ ਸਿੰਘ ਕਲਕੱਤਾ, ਕੁਲਦੀਪ ਸਿੰਘ ਬਾਗੀ, ਇੰਦਰਪਾਲ ਸਿੰਘ ਖਾਲਸਾ, ਓ.ਪੀ. ਅਰੋੜਾ, ਇੰਜਨੀਅਰ ਸਤਨਾਮ ਸਿੰਘ, ਅਜਮੇਰ ਸਿੰਘ ਫ਼ਤਹਿਗੜ੍ਹ ਛੰਨਾ, ਮੁਖ਼ਤਿਆਰ ਸਿੰਘ ਆਦਿ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਦਿੱਲੀ ਦੀਆਂ ਸੜਕਾਂ ’ਤੇ ਠੰਢੀਆਂ ਰਾਤਾਂ ਵਿੱਚ ਆਪਣੇ ਹੱਕ, ਸੱਚ ਤੇ ਇਨਸਾਫ਼ ਲਈ ਜੂਝ ਰਹੇ ਪੰਜਾਬੀਆਂ ਦੀ ਤੰਦਰੁਸਤੀ, ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਅਤੇ ਉਨ੍ਹਾਂ ਦੀ ਫ਼ਤਹਿਯਾਬੀ ਦੀ ਕਾਮਨਾ ਕੀਤੀ। ਲਾਭ ਸਿੰਘ ਨੇ ਸਟੱਡੀ ਸਰਕਲ ਵੱਲੋਂ ਸੰਸਥਾਵਾਂ ਦਾ ਧੰਨਵਾਦ ਕੀਤਾ।
ਭਾਈ ਗੁਰਸੇਵਕ ਸਿੰਘ ਹੈੱਡ ਗ੍ਰੰਥੀ ਨੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਕਿਸਾਨਾਂ ਦੇ ਅੰਗ-ਸੰਗ ਰਹਿ ਕੇ ਉਨ੍ਹਾਂ ਨੂੰ ਚੜ੍ਹਦੀ ਕਲਾ ਕਲਾ ਵਿੱਚ ਰੱਖਣ ਦੀ ਅਰਦਾਸ ਕੀਤੀ। ਇਸ ਮੌਕੇ ਤੀਰਥ ਸਿੰਘ, ਗੁਰਨਾਮ ਸਿੰਘ, ਗੁਰਜੰਟ ਸਿੰਘ ਰਾਹੀ, ਗੁਰਮੀਤ ਸਿੰਘ ਕਾਲੜਾ, ਹਰਭਜਨ ਸਿੰਘ ਭੱਟੀ ਤੇ ਡਾ. ਜਸਕਰਨ ਸਿੰਘ ਆਦਿ ਹਾਜ਼ਰ ਸਨ।