ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਦਸੰਬਰ
ਬਾਬਾ ਸੈਣ ਭਗਤ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪੜਾਓ ਸਾਹਿਬ ਪਿੰਡ ਬਡਰੁੱਖਾਂ ਵਿੱਚ ਬਾਬਾ ਸੈਣਿ ਭਗਤ ਸਭਾ ਬਡਰੁੱਖਾਂ ਅਤੇ ਸੰਗਰੂਰ ਵਲੋਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਮੋਰਚਾ ਫ਼ਤਹਿ ਹੋਣ ਲਈ ਅਰਦਾਸ ਕੀਤੀ ਗਈ। ਸੁਖਮਨੀ ਸਾਹਿਬ ਦੇ ਪਾਠ ਮਗਰੋਂ ਭਾਈ ਉੱਦਮ ਸਿੰਘ ਦੇ ਰਾਗੀ ਜਥੇ ਵੱਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਬਾਬਾ ਸੈਣ ਭਗਤ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਸਭਾ ਦੇ ਪ੍ਰਮੁੱਖ ਅਹੁਦੇਦਾਰ ਮਨਜੀਤ ਸਿੰਘ ਕਪੂਰ, ਪਰਮੇਸ਼ਰ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਸਮੂਹ ਸੈਣਿ ਭਾਈਚਾਰੇ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਲੋਕਾਂ ਨੂੰ ਕਿਸਾਨ ਅੰਦੋਲਨ ਨੂੰ ਆਪੋ ਆਪਣੇ ਤਰੀਕੇ ਨਾਲ ਹਰ ਤਰ੍ਹਾਂ ਸਹਿਯੋਗ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸਮਾਗਮ ’ਚ ਗਿਆਨੀ ਗੁਰਬਚਨ ਸਿੰਘ, ਅਮਰਜੀਤ ਸਿੰਘ, ਛੱਜੂ ਸਿੰਘ, ਕੁਲਬੀਰ ਸਿੰਘ, ਜਗਰੂਪ ਸਿੰਘ, ਚਮਕੌਰ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ ਸ਼ਾਮਲ ਸਨ।