ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਜੂਨ
ਪੰਥਕ ਚੇਤਨਾ ਲਹਿਰ ਦੇ ਕਨਵੀਨਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਅੱਜ ਇੱਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਦੇ ਦਫ਼ਤਰ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਫੱਗੂਵਾਲਾ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਦੀ 25 ਕਿੱਲੇ ਜ਼ਮੀਨ ਇੱਕ ਟਰੱਸਟ ਵੱਲੋਂ ਮੈਡੀਕਲ ਕਾਲਜ ਲਈ ਪੰਜਾਬ ਸਰਕਾਰ ਨੂੰ ਦੇਣ ਉੱਪਰ ਸਵਾਲ ਖੜ੍ਹੇ ਕੀਤੇ ਹਨ ਅਤੇ ਦਾਅਵਾ ਕੀਤਾ ਹੈ ਕਿ ਧਾਰਮਿਕ ਜਾਇਦਾਦ ਨੂੰ ਕਿਸੇ ਮਕਸਦ ਲਈ ਦਾਨ ਨਹੀਂ ਦਿੱਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਉਹ ਐੱਸਜੀਪੀਸੀ ਤੋਂ ਮੰਗ ਕਰਦੇ ਹਨ ਕਿ ਜ਼ਮੀਨ ਦੇਣ ਬਾਬਤ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਐੱਸਜੀਪੀਸੀ ਤੱਕ ਪਹੁੰਚਾਉਣ ਲਈ ਹੀ ਇੱਥੇ ਐੱਸਜੀਪੀਸੀ ਦੇ ਦਫ਼ਤਰ ਅੱਗੇ ਮਰਨ ਵਰਤ ’ਤੇ ਬੈਠੇ ਹਨ।
ਸ੍ਰੀ ਫੱਗੂਵਾਲਾ ਨੇ ਕਿਹਾ ਕਿ ਉਹ ਮੈਡੀਕਲ ਕਾਲਜ ਦੇ ਵਿਰੋਧ ਵਿੱਚ ਨਹੀਂ ਹਨ ਪਰ ਇਹ ਮੈਡੀਕਲ ਕਾਲਜ ਗੁਰੂ ਘਰ ਦੀ ਜ਼ਮੀਨ ’ਤੇ ਨਹੀਂ ਸਗੋਂ ਸਰਕਾਰੀ ਜ਼ਮੀਨ ਉੱਤੇ ਬਣਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐੱਸਜੀਪੀਸੀ ਦਾ ਜ਼ਮੀਨ ਬਾਬਤ ਕੇਸ ਹਾਈ ਕੋਰਟ ਵਿੱਚ ਚਲਦਾ ਹੈ ਪਰ ਇੱਕ ਟਰੱਸਟ ਬਣਾ ਕੇ ਗੁਰੂ ਘਰ ਦੀ ਜ਼ਮੀਨ ਸਰਕਾਰੀ ਕਾਲਜ ਦੇ ਨਾਮ ਟਰਾਂਸਫਰ ਕਰਵਾ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜ਼ਮੀਨ ਦੀ ਰਜਿਸਟਰੀ ਕਰਨ ਸਮੇਂ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਫੱਗੂਵਾਲਾ ਨੇ ਐੱਸਜੀਪਸੀ ਦੇ ਪ੍ਰਧਾਨ ਤੋਂ ਮੰਗ ਕੀਤੀ ਕਿ ਗੁਰੂ ਘਰ ਦੀ ਜ਼ਮੀਨ ਸਰਕਾਰ ਦੇ ਨਾਂ ਟਰਾਂਸਫਰ ਹੋਣ ਦੀ ਬਾਬਤ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀ ਪ੍ਰਸ਼ੋਤਮ ਸਿੰਘ ਫੱਗੂਵਾਲਾ ਵੱਖ-ਵੱਖ ਮੁੱਦਿਆਂ ’ਤੇ ਕਈ ਵਾਰ ਮਰਨ ਵਰਤ ਅਤੇ ਭੁੱਖ ਹੜਤਾਲ ’ਤੇ ਬੈਠ ਚੁੱਕੇ ਹਨ।