ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਪਰੈਲ
ਪਿਛਲੇ ਕਰੀਬ ਇੱਕ ਮਹੀਨੇ ਤੋਂ ਆਪਣੇ ਘਰ ਦਾ ਕੱਟਿਆ ਬਿਜਲੀ ਕੁਨੈਕਸ਼ਨ ਲਗਵਾਉਣ ਲਈ ਦਰ-ਦਰ ਭੜਕ ਰਹੇ ਫਰੀਡਮ ਫਾਈਟਰ ਸਵਰਗੀ ਗੁਰਦਿਆਲ ਸਿੰਘ ਦੇ ਪਰਿਵਾਰ ਨੂੰ ਉਸ ਸਮੇਂ ਰਾਹਤ ਮਿਲੀ, ਜਦੋਂ ਪਰਿਵਾਰ ਵੱਲੋਂ ਸੀਐਮ ਨਿਵਾਸ ਅੱਗੇ ਭੁੱਖ ਹੜਤਾਲ ਦੇ ਐਲਾਨ ਤੋਂ ਬਾਅਦ ਮਹਿਕਮੇਂ ਵੱਲੋਂ ਪਰਿਵਾਰ ਦਾ ਬਿਜਲੀ ਕੁਨੈਕਸ਼ਨ ਮੁੜ ਲਗਾ ਦਿੱਤਾ ਗਿਆ। ਫਰੀਡਮ ਫਾਈਟਰ ਸਵਰਗੀ ਗੁਰਦਿਆਲ ਸਿੰਘ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਰਾਜਵਿੰਦਰ ਸਿੰਘ ਨਿਵਾਸੀ ਰਣਜੀਤ ਨਗਰ ਸੰਗਰੂਰ ਨੇ ਸਹਿਯੋਗ ਦੇਣ ਲਈ ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਅਤੇ ਅਜੀਤਪਾਲ ਸਿੰਘ ਪਾਲੀ ਘਰਾਟ ਦਾ ਧੰਨਵਾਦ ਕੀਤਾ। ਇਸ ਮੌਕੇ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਲੋੜਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਹਰ ਫਰੀਡਮ ਫਾਈਟਰ ਪਰਿਵਾਰ ਨਾਲ ਹਮੇਸ਼ਾ ਡੱਟ ਕੇ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ।