ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਮਾਰਚ
ਪਿੰਡ ਬਡਰੁੱਖਾਂ ਦੇ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੋਸਤ ਦੇ ਬੂਟਿਆਂ ਸਬੰਧੀ ਮਾਮਲੇ ਨੂੰ ਸਕੂਲ ਸਟਾਫ਼ ਅਤੇ ਪਿੰਡ ਦੀ ਗਰਾਮ ਪੰਚਾਇਤ ਨੇ ਕਿਸੇ ਸ਼ਰਾਰਤੀ ਅਨਸਰ ਦੀ ਸਾਜਿਸ਼ ਕਰਾਰ ਦਿੱਤਾ ਹੈ। ਪਿੰਡ ਦੇ ਸਰਪੰਚ ਕੁਲਜੀਤ ਸਿੰਘ ਨੇ ਕਿਹਾ ਹੈ ਕਿ ਇਹ ਪਿੰਡ ਤੇ ਸਕੂਲ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਹੈ ਜਿਸ ਦੀ ਪੰਚਾਇਤ ਆਪਣੇ ਪੱਧਰ ’ਤੇ ਵੀ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਵੇਗੀ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੱਜ ਗਰਾਮ ਪੰਚਾਇਤ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪਿੰਡ ਦੇ ਸਰਪੰਚ ਕੁਲਜੀਤ ਸਿੰਘ ਦਾ ਕਹਿਣਾ ਹੈ ਕਿ ਸਕੂਲ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਉਹ ਅਕਸਰ ਹੀ ਸਕੂਲ ਵਿੱਚ ਜਾਂਦੇ-ਆਉਂਦੇ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਸਬੰਧਤ ਪਾਰਕ ਵਿਚ ਕਦੇ ਵੀ ਪੋਸਤ ਦੇ ਬੂਟੇ ਨਹੀਂ ਦੇਖੇ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੋਸਤ ਤੇ ਬੂਟੇ ਲਗਾ ਕੇ ਬਾਅਦ ਵਿਚ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਪਾਈ ਜਾਪਦੀ ਹੈ ਜਿਸ ਦੀ ਪੰਚਾਇਤ ਵੱਲੋਂ ਪੜਤਾਲ ਕੀਤੀ ਜਾਵੇਗੀ। ਉੱਧਰ, ਅੱਜ ਸਕੂਲ ਪ੍ਰਿੰਸੀਪਲ ਤੇ ਸਟਾਫ਼ ਨੇ ਇੱਕ ਮਤਾ ਪਾਸ ਕਰਦਿਆਂ ਇਸ ਮਾਮਲੇ ਨੂੰ ਕਿਸੇ ਸ਼ਰਾਰਤੀ ਅਨਸਰ ਦੀ ਸਾਜਿਸ਼ ਕਰਾਰ ਦਿੱਤਾ ਹੈ। ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਮਤੇ ਵਿੱਚ ਕਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਸਕੂਲ ਅਧਿਆਪਕਾਂ ਦਾ ਅਕਸ ਖਰਾਬ ਕਰਨ ਦੀ ਕੋਝੀ ਸਾਜਿਸ਼ ਹੈ।