ਖੇਤਰੀ ਪ੍ਰਤੀਨਿਧ
ਪਟਿਆਲਾ, 12 ਜੁਲਾਈ
ਵਾਤਾਵਰਨ ਨੂੰ ਹਰਾ-ਭਰਾ ਤੇ ਸਾਫ਼-ਸੁਥਰਾ ਬਣਾਉਣ ਲਈ ਮਹਾਰਾਜਾ ਨਰਿੰਦਰਾ ਐਨਕਲੇਵ ਸਰਹਿੰਦ ਰੋਡ ਪਟਿਆਲਾ ਦੇ ਪਾਰਕਾਂ ਵਿੱਚ ਘਾਹ ਅਤੇ ਕਲੋਨੀ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਟਰੱਸਟ ਦੇ ਚੇਅਰਮੈਨ ਅਤੇ ਸਤਿਸੰਗ ਭਵਨ ਦੇ ਮੁਖੀ ਬਾਬਾ ਜੈਮਲ ਸਿੰਘ ਨੇ ਬੂਟਾ ਲਗਾ ਕੇ ਕੀਤੀ ਸੀ, ਜੋ ਅੱਜ ਸੰਪੂਰਨ ਹੋ ਗਈ। ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਵਿਰਕ ਨੇ ਦੱਸਿਆ ਕਿ ਘਾਹ ਅਤੇ ਬੂਟੇ ਲਾਉਣ ਦਾ ਕੰਮ ਭਾਵੇਂ ਕਾਫ਼ੀ ਮਹਿੰਗਾ ਸੀ, ਪਰ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹ ਗਿਆ। ਅੱਜ ਸਮਾਪਤੀ ’ਤੇ ਕਲੋਨੀ ਦੇ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਮਿਲਕੇ ਬੂਟੇ ਲਾਏ।
ਪੌਦੇ ਲਗਾ ਕੇ ‘ਮਿਸ਼ਨ ਫ਼ਤਹਿ’ ਦਾ ਸੁਨੇਹਾ ਰਾਜਪੁਰਾ (ਪੱਤਰ ਪ੍ਰੇਰਕ): ਇੱਥੇ ਰਸ਼ੰਭੂ ਬੈਰੀਅਰ ’ਤੇ ਤਕਨੀਕੀ ਸਿੱਖਿਆ ਵਿਭਾਗ ਦੇ ਕਰੋਨਾ ਯੋਧਿਆਂ ਵੱਲੋਂ ਪੌਦੇ ਲਗਾ ਕੇ ‘ਮਿਸ਼ਨ ਫ਼ਤਹਿ’ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸਰਕਾਰੀ ਪੋਲਟੈਕਨੀਕਲ ਕਾਲਜ ਫਾਰ ਗਰਲਜ਼ ਅਤੇ ਸਰਕਾਰੀ ਆਈਟੀਆਈ ਰਾਜਪੁਰਾ ਦੇ ਸਟਾਫ਼ ਮੈਂਬਰਾਂ ਨੇ ਮੁਹਿੰਮ ਵਿੱਚ ਹਿੱਸਾ ਲਿਆ। ਇਸ ਦੌਰਾਨ ਪ੍ਰੋ. ਨਰਿੰਦਰ ਸਿੰਘ ਢੀਂਡਸਾ, ਜ਼ਿਲ੍ਹਾ ਨੋਡਲ ਅਫ਼ਸਰ ‘ਸਵੀਪ’ ਪ੍ਰੋ. ਗੁਰਬਖਸ਼ੀਸ਼ ਸਿੰਘ, ਮੁਕਲ ਮਿੱਤਲ, ਇੰਸਟਰੱਕਟਰ ਗੁਰਮੁੱਖ ਸਿੰਘ ਚੰਦੂਆ ਅਤੇ ਕਿਸ਼ਨ ਸਿੰਘ ਸਮੇਤ ਹੋਰਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ 01-01-2004 ਤੋਂ ਭਰਤੀ ਸਟਾਫ਼ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।