ਪੱਤਰ ਪ੍ਰੇਰਕ
ਲਹਿਰਾਗਾਗਾ, 2 ਜੁਲਾਈ
ਨਰਮੇ ਦੀ ਫ਼ਸਲ ਉੱਪਰ ਪਿਛਲੇ ਸਾਲ ਗੁਲਾਬੀ ਸੁੰਡੀ ਦਾ ਹਮਲਾ ਕਾਫੀ ਟੀਂਡੇ ਬਨਣ ਤੋਂ ਬਾਅਦ ਹੋਇਆ ਸੀ ਅਤੇ ਨਰਮੇ ਦਾ ਬਹੁਤ ਨੁਕਸਾਨ ਹੋਇਆ ਸੀ ਪਰ ਇਸ ਸਾਲ ਤਾਂ ਟੀਂਡੇ ਬਨਣ ਤੋਂ ਪਹਿਲਾਂ ਹੀ ਨਰਮੇ ਦੇ ਫੁੱਲਾਂ ’ਤੇ ਹਮਲਾ ਸ਼ੁਰੂ ਹੋ ਗਿਆ ਹੈ ਜਦੋਂ ਕਿ ਫਸਲ ਅਜੇ ਦੋ ਮਹੀਨੇ ਦੀ ਵੀ ਨਹੀਂ ਹੋਈ।
ਖੇਤੀ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਮੁਖੀ ਡਾ. ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਚਿੱਟੀ ਮੱਖੀ ਦੇ ਵਧਦੇ ਹਮਲੇ ਦੇ ਨਾਲ ਨਾਲ ਕੁਝ ਪਿੰਡਾਂ ਅਤੇ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਲਹਿਰਾਗਾਗਾ ਨੇੜਲੇ ਪਿੰਡ ਗਿੱਦੜਿਆਣੀ ਅਤੇ ਹਰਿਆਉ ਵਿੱਚ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿਛਲੇ ਦਿਨਾਂ ਵਿੱਚ ਇਸ ਸਬੰਧੀ ਖੇਤ ਸਿਖਲਾਈ ਕੈਂਪ ਵੀ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਸਰਵੇਖਣ ਅਤੇ ਨਿਰੀਖਣ ਦੌਰਾਨ ਕੁਝ ਪਿੰਡਾਂ ਜਿਵੇਂ ਕੋਟੜਾ ਲਹਿਲ, ਗਿੱਦੜਿਆਣੀ, ਹਰਿਆਉ ਅਤੇ ਬੱਲਰੇ ਦੇ ਇੱਕ ਦੋ ਖੇਤਾਂ ਵਿੱਚ ਨਰਮੇ ਦੇ ਫੁੱਲਾਂ ਵਿੱਚ ਇਸ ਦਾ ਹਮਲਾ ਦੇਖਿਆ ਗਿਆ ਹੈ। ਭਾਵੇਂ ਹਮਲੇ ਕਾਰਨ ਅਜੇ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਚੁਕੰਨੇ ਰਹਿਣ ਅਤੇ ਨਰਮੇ ਦੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਖੇਤਾਂ ਨੂੰ ਸਾਫ-ਸੁਥਰਾ ਰੱਖਿਆ ਜਾਵੇ ਅਤੇ ਆਲੇ-ਦੁਆਲੇ ਵੱਟਾਂ ਉੱਪਰ ਕੋਈ ਨਦੀਨ ਨਾ ਰਹਿਣ ਦਿੱਤਾ ਜਾਵੇ। ਜੇਕਰ ਨਰਮੇ ਵਿੱਚ ਭਿੰਡੀ, ਬੈਂਗਣ ਆਦਿ ਕੋਈ ਹੋਰ ਫਸਲ ਲਾਈ ਹੋਈ ਹੈ ਤਾਂ ਇਸ ’ਚ ਇਹ ਕੀੜਾ ਪਲ ਸਕਦਾ ਹੈ, ਇਸ ਨੂੰ ਪੁੱਟ ਕੇ ਨਸ਼ਟ ਕਰ ਦਿੱਤਾ ਜਾਵੇ।