ਕਰਮਬੀਰ ਸਿੰਘ ਸੈਣੀ
ਮੂਨਕ, 1 ਫਰਵਰੀ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੀ ਪਿਛਲੇ ਪੰਜ ਸਾਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦਿਆਂ ਲੋਕ ਝੂਠੇ ਲਾਰੇ ਤੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ। ਇਹ ਗੱਲ ਢੀਂਡਸਾ ਨੇ ਨੇੜਲੇ ਪਿੰਡ ਮੰਡਵੀ, ਮਕਰੋੜ ਸਾਹਿਬ, ਗਨੋਟਾ, ਰਾਮਪੁਰਾ ਗੁੱਜਰਾਂ, ਚੂਲੜ ਖੁਰਦ ਤੇ ਕੋਟੜਾ ਲਹਿਲ ਵਿਖੇ ਵੱਖ-ਵੱਖ ਥਾਈਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਦੌਰਾਨ ਪਿੰਡ ਮੰਡਵੀ ਵਿੱਚ ਜਿੱਥੇ ਵੱਡੀ ਗਿਣਤੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਉੱਥੇ ਹੀ ਵੱਖ-ਵੱਖ ਪਿੰਡਾਂ ਵਿੱਚ ਢੀਂਡਸਾ ਨੂੰ ਸਤਿਕਾਰ ਵਜੋਂ ਲੱਡੂਆਂ ਨਾਲ ਵੀ ਤੋਲਿਆ ਗਿਆ।
ਢੀਂਡਸਾ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਅੰਦਰ ਬਣੀ ਇੱਕਜੁਟਤਾ ਤੇ ਏਕਤਾ ਨੂੰ ਤੋੜਨ ਦੇ ਸੁਫਨੇ ਲੈਣ ਵਾਲੇ ਆਪਣੇ ਮਕਸਦ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਗੱਠਜੋੜ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਨਵਾਂ ਇਤਿਹਾਸ ਸਿਰਜਣਗੇ।