ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਜਨਵਰੀ
ਕੜਾਕੇ ਦੀ ਠੰਢ ’ਚ ਖੁੱਲ੍ਹੇ ਆਸਮਾਨ ਹੇਠ ਐੱਸਸੀ ਵਰਗ ਨਾਲ ਸਬੰਧਿਤ ਸੈਂਕੜੇ ਲੋਕ ਇੱਥੇ ਐੱਸਐੱਸਪੀ ਦਫ਼ਤਰ ਅੱਗੇ ਬੇਮਿਆਦੀ ਰੋਸ ਧਰਨੇ ਦੇ ਚੌਥੇ ਦਿਨ ਵੀ ਡਟੇ ਰਹੇ। ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਰੋਸ ਧਰਨੇ ਦੇ ਚਲਦਿਆਂ ਅੱਜ ਦੋ ਵਾਰ ਐੱਸਪੀ ਅਤੇ ਡੀਐੱਸਪੀ ਨਾਲ ਮਸਲੇ ਦਾ ਨਿਪਟਾਰਾ ਕਰਨ ਸਬੰਧੀ ਮੀਟਿੰਗ ਹੋਈ, ਜੋ ਬੇਸਿੱਟਾ ਰਹੀ। ਧਰਨਾਕਾਰੀ ਪਿੰਡ ਸ਼ਾਦੀਹਰੀ ਦੇ ਪੰਜ ਖੇਤ ਮਜ਼ਦੂਰਾਂ ਦੀ ਰਿਹਾਈ ਦੀ ਮੰਗ ਲਈ ਬੇਮਿਆਦੀ ਧਰਨੇ ’ਤੇ ਬੈਠੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਜਨਤਕ ਜਥੇਬੰਦੀਆਂ ਦੇ ਆਗੂਆਂ ਮੱਖਣ ਸਿੰਘ, ਪਰਮਜੀਤ ਲੌਂਗੋਵਾਲ, ਪ੍ਰਗਟ ਕਾਲਾਝਾੜ, ਲਖਵੀਰ ਲੌਂਗੋਵਾਲ ਅਤੇ ਬਿੱਕਰ ਹਥੋਆ ਨੇ ਕਿਹਾ ਕਿ ਅੱਜ ਪੁਲੀਸ ਅਧਿਕਾਰੀਆਂ ਐੱਸਪੀ ਕਰਨਵੀਰ ਸਿੰਘ ਤੇ ਡੀਐੱਸਪੀ ਸੱਤਪਾਲ ਸ਼ਰਮਾ ਨਾਲ ਦੋ ਵਾਰ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਦਰਜ ਪੁਲੀਸ ਕੇਸਾਂ ਵਿਚ ਕੁੱਝ ਰਾਹਤ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਪੰਜ ਖੇਤ ਮਜ਼ਦੂਰਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਅੱਠ ਪੁਲੀਸ ਕੇਸ ਦਰਜ ਹਨ ਜੋ ਕਿ ਸਿਆਸੀ ਦਬਾਅ ਹੇਠ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਖੇਤ ਮਜ਼ਦੂਰਾਂ ਨੂੰ ਅੱਠ ਕੇਸਾਂ ਵਿਚ ਜ਼ਮਾਨਤਾਂ ਕਰਾਉਣੀਆਂ ਵੀ ਔਖੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੋਆਪ੍ਰੇਟਿਵ ਸੁਸਾਇਟੀ ਸ਼ਾਦੀਹਰੀ ’ਚ ਐੱਸਸੀ ਵਰਗ ਦੇ ਵਿਅਕਤੀ ਮੈਂਬਰ ਬਣਨ ਦਾ ਕਾਨੂੰਨੀ ਹੱਕ ਰੱਖਦੇ ਹਨ ਜਿਨ੍ਹਾਂ ਨੂੰ ਸੁਸਾਇਟੀ ਦੇ ਕੁੱਝ ਅਹੁਦੇਦਾਰ ਮੈਂਬਰ ਨਹੀਂ ਬਣਨ ਦੇ ਰਹੇ। ਇਨ੍ਹਾਂ ਦੀ ਆਵਾਜ਼ ਦਬਾਉਣ ਲਈ ਸਿਆਸੀ ਦਬਾਅ ਹੇਠ ਗੱਲਬਾਤ ਦੇ ਬਹਾਨੇ ਬੁਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਗ਼ਰੀਬ ਲੋਕ ਐੱਸਐੱਸਪੀ ਦਫ਼ਤਰ ਅੱਗੇ ਖੁੱਲ੍ਹੇ ਆਸਮਾਨ ਹੇਠਾਂ ਦਿਨ-ਰਾਤ ਬੈਠੇ ਹਨ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਅੱਜ ਪੁਲੀਸ ਅਧਿਕਾਰੀਆਂ ਨਾਲ ਦੋ ਵਾਰ ਹੋਈ ਮੀਟਿੰਗ ਬੇਸਿੱਟਾ ਰਹੀ ਹੈ ਜਿਸ ਕਰਕੇ ਬੇਮਿਆਦੀ ਰੋਸ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜ ਖੇਤ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਤੇ ਉਨ੍ਹਾਂ ਖ਼ਿਲਾਫ਼ ਦਰਜ ਕੇਸ ਤੁਰੰਤ ਵਾਪਸ ਲਏ ਜਾਣ। ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਧਰਨੇ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਜਬਰ ਵਿਰੋਧੀ ਸੰਘਰਸ਼ ਕਮੇਟੀ ਸ਼ਾਦੀਹਰੀ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।