ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਸਤੰਬਰ
ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਸੰਘਰਸ਼ ਦੇ 355ਵੇਂ ਦਿਨ ਵੀ ਧਰਨੇ ’ਤੇ ਹਜ਼ਾਰ ਕਿਸਾਨ ਮਜ਼ਦੂਰਾਂ ਨੇ ਹਾਜ਼ਰੀ ਭਰੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਹਾਦਰ ਸਿੰਘ ਭੁਟਾਲ ਖੁਰਦ, ਰਾਮ ਸਿੰਘ ਢੀਂਡਸਾ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ, ਬਿੰਦਰ ਸਿੰਘ ਖੋਖਰ, ਮਨਜੀਤ ਕੌਰ ਸੰਗਤੀਵਾਲਾ, ਗੁਰਮੇਲ ਕੌਰ ਗਿਦੜਿਆਣੀ, ਕਰਮਜੀਤ ਕੌਰ ਲਹਿਲ ਕਲਾਂ, ਬੇਅੰਤ ਕੌਰ ਰਾਏਧਰਾਣਾ, ਆਦਿ ਨੇ ਕਿਹਾ ਕਿ ਵਾਰ -ਵਾਰ ਮੁੱਖ ਮੰਤਰੀ ਜਾ ਅਹੁਦੇਦਾਰਾਂ ਨੂੰ ਬਦਲ ਕੇ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਨਹੀਂ ਸਕਦੀ। ਸਿਆਸਤਦਾਨਾਂ ਨੂੰ ਪੰਜਾਬ ਦੇ ਕਿਰਤੀਆਂ ਨੂੰ ਜਵਾਬ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਬੇਲੋੜੇ ਲੋਕ ਮਾਰੂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਤੇ ਦੇਸ਼ ਤੇਜ਼ੀ ਨਾਲ ਗ਼ੁਲਾਮੀ ਵਲ ਵਧ ਰਿਹਾ ਹੈੇ। ਉਨ੍ਹਾਂ ਨੌਜਵਾਨਾਂ ਨੂੰ 28 ਸਤੰਬਰ ਨੂੰ ਬਰਨਾਲਾ ਦੀ ਧਰਤੀ ਉਤੇ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ।