ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਮਈ
ਪਰਲਜ਼ ਗਰੁੱਪ ਤੋਂ ਪੀੜਤ ਨਿਵੇਸ਼ਕਾਂ ਨੇ ਪੈਸੇ ਵਿਆਜ ਸਮੇਤ ਵਾਪਸ ਕਰਵਾਉਣ ਅਤੇ ਪਰਲ ਕੰਪਨੀ ਦੀਆਂ ਜ਼ਮੀਨਾਂ ’ਤੇ ਧਾਰਾ 145 ਲਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ। ਇਨਸਾਫ਼ ਦੀ ਆਵਾਜ਼ ਪੰਜਾਬ ਦੇ ਮੁੱਖ ਬੁਲਾਰੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਅਤੇ ਇੰਡੀਅਨ ਲੋਕ ਦਲ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਖੋਖਰ ਅਤੇ ਸੀਨੀਅਰ ਮੀਤ ਪ੍ਰਧਾਨ ਹਰੀ ਕ੍ਰਿਸ਼ਨ ਧੂਰੀ ਦੇ ਦਸਖਤਾਂ ਹੇਠਾਂ ਮੰਗ ਪੱਤਰ ਵਿੱਚ ਮੁੱਖ ਮੰਤਰੀ ਨੂੰ ਪਰਲਜ਼ ਗਰੁੱਪ ਦੇ ਪੀੜਤਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ 10 ਜੂਨ ਤੱਕ ਪੁਲੀਸ ਪ੍ਰਸ਼ਾਸਨ ਤੇ ਮਾਲ ਮਹਿਕਮੇ ਨੂੰ ਹੁਕਮ ਦੇ ਕੇ ਪਰਲ ਕੰਪਨੀ ਦੀਆਂ ਜ਼ਮੀਨਾਂ ਉੱਤੇ ਧਾਰਾ 145 ਲਾ ਕੇ ਰਸੀਵਰ ਨਿਯੁਕਤ ਕੀਤੇ ਜਾਣ ਅਤੇ ਜ਼ਮੀਨਾਂ ਦੀ ਬੋਲੀ ਕਰਵਾ ਕੇ ਆਮਦਨ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਈ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਸੱਦ ਕੇ ਬਿੱਲ ਪਾਸ ਕਰ ਕੇ ਪਰਲ ਕੰਪਨੀ ਦੀਆਂ ਜ਼ਮੀਨਾਂ ਸਰਕਾਰ ਆਪਣੇ ਕਬਜ਼ੇ ਵਿੱਚ ਲਏ ਅਤੇ ਜ਼ਮੀਨਾਂ ਵੇਚ ਕੇ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਕਮਾਈ ਵਿਆਜ਼ ਸਮੇਤ ਵਾਪਸ ਕੀਤੀ ਜਾਵੇ। ਹਰਜੀਤ ਸਿੰਘ ਖੋਖਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਾਅਦਾ ਪੂਰਾ ਨਾ ਕੀਤਾ ਤਾਂ ਨਿਵੇਸ਼ਕਾਂ ਨੂੰ ਸਰਕਾਰ ਖ਼ਿਲਾਫ਼ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਦਲਜੀਤ ਸਿੰਘ, ਮਨਦੀਪ ਸਿੰਘ, ਬਲਕਰਨ ਸਿੰਘ, ਦਰਸ਼ਨ ਸਿੰਘ, ਬਲਵੰਤ ਸਿੰਘ, ਬਾਵੂ ਸਿੰਘ, ਗੁਰਚਰਨ ਸਿੰਘ ਤੇ ਓਮ ਪ੍ਰਕਾਸ਼ ਹਾਜ਼ਰ ਸਨ।