ਨਿਜੀ ਪੱਤਰ ਪ੍ਰੇਰਕ
ਸੰਗਰੂਰ, 12 ਮਈ
ਜ਼ਿਲ੍ਹੇ ਭਰ ਦੇ ਪਟਵਾਰੀ ਅਤੇ ਕਾਨੂੰਗੋ ਅੱਜ ਤੋਂ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ ਅਤੇ ਦੋ ਦਿਨ ਪਟਵਾਰੀਆਂ ਤੇ ਕਾਨੂੰਗੋਆਂ ਦੇ ਦਫ਼ਤਰ ਬੰਦ ਰਹਿਣਗੇ। ਸਮੂਹਿਕ ਛੁੱਟੀ ’ਤੇ ਗਏ ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਦੀ ਰੈਵੇਨਿਊ ਪਟਵਾਰ ਯੂਨੀਅਨ ਅਤੇ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਇਥੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ।ਇਸ ਮੌਕੇ ਕਾਨੂੰਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਥੀ ਚੰਦ ਅਤੇ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਗੋ ਅੱਜ 12 ਅਤੇ ਭਲਕੇ 13 ਮਈ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਸਮੁੱਚਾ ਕੰਮਕਾਜ ਠੱਪ ਰੱਖਿਆ ਜਾਵੇਗਾ। ਅੱਗੇ ਸਰਕਾਰੀ ਛੁੱਟੀਆ ਹੋਣ ਕਾਰਨ ਦਫ਼ਤਰਾਂ ਦਾ ਕੰਮ 17 ਮਈ ਨੂੰ ਮੁੜ ਸ਼ੁਰੂ ਹੋਵੇਗਾ। ਇੰਨ੍ਹਾਂ ਪੰਜ ਦਿਨਾਂ ਵਿੱਚ ਮਨੁੱਖਤਾ ਨੂੰ ਬਚਾਉਣ ਖ਼ਾਤਰ ਪਟਵਾਰੀ ਅਤੇ ਕਾਨੂੰਗੋ ਸਿਰਫ ਕਰੋਨਾ ਸੰਬੰਧੀ ਡਿਊਟੀਆਂ ਹੀ ਦੇਣਗੇ। ਇਸ ਮੌਕੇ ਜਗਜੀਤ ਸਿੰਘ ਸਿੱਧੂ ਕਾਨੂੰਗੋ , ਦਵਿੰਦਰ ਸਿੰਘ ਕਾਨੂੰਗੋ ਅਮਰੀਕ ਸਿੰਘ ਪੰਧੇਰ ਕਾਨੂੰਗੋ, ਤਰਸੇਮ ਸਿੰਘ ਘੁਮਾਣ, ਹਰਦੀਪ ਸਿੰਘ ਮੰਡੇਰ, ਤਹਿਸੀਲ ਮੂਨਕ ਦੇ ਪ੍ਰਧਾਨ ਸੁਖਜਿੰਦਰ ਸਿੰਘ, ਵਿਕਾਸ ਗਰਗ, ਪਟਵਾਰੀ ਗਗਨਦੀਪ ਗੋਇਲ ਆਦਿ ਹਾਜ਼ਰ ਸਨ।