ਬੀਰਬਲ ਰਿਸ਼ੀ
ਸ਼ੇਰਪੁਰ, 25 ਜੂਨ
ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਲੋਕਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੰਜਾਬ ਮੰਡੀ ਬੋਰਡ ਦੀ ਕਾਤਰੋਂ-ਮਨਾਲ ਸੜਕ ’ਤੇ ਬਿਨਾਂ ਸਾਫ਼ ਸਫ਼ਾਈ ਤੋਂ ਪਾਈ ਜਾ ਰਹੀ ਪ੍ਰੀਮਿਕਸ ਦਾ ਕੰਮ ਬੰਦ ਕਰਵਾ ਕੇ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਅਤੇ ਐਲਾਨ ਕੀਤਾ ਕਿ ਇਹ ਬਿਨਾਂ ਸਫ਼ਾਈ ਤੋਂ ਦੋ ਕਿਲੋਮੀਟਰ ਤੱਕ ਬਣੀ ਸੜਕ ਦੁਬਾਰਾ ਬਣਵਾਈ ਜਾਵੇਗੀ। ਉਨ੍ਹਾਂ ਟਿੱਬਾ ਡਰੇਨ ਦੇ ਪੁਲ, ਸ਼ੇਰਪੁਰ-ਮੂਲੋਵਾਲ, ਮਹਿਲ ਕਲਾਂ-ਖਿਆਲੀ ਅਤੇ ਹੋਰ ਸੜਕਾਂ ਦੀ ਉੱਚ ਪੱਧਰੀ ਜਾਂਚ ਲਈ ਅਗਲੇ ਹਫ਼ਤੇ ਮੰਗਲਵਾਰ ਨੂੰ ਮਾਮਲਾ ਲੋਕ ਲੇਖਾ ਕਮੇਟੀ ’ਚ ਰੱਖੇ ਜਾਣ ਦਾ ਖੁਲਾਸਾ ਕੀਤਾ। ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਬਣ ਰਹੀਆਂ ਸੜਕਾਂ ਪ੍ਰਤੀ ਸਮੇਂ ਦੀਆਂ ਸਰਕਾਰਾਂ ਨੇ ਸਭ ਕੁੱਝ ਆਪਣੀ ਅਫ਼ਸਰਸ਼ਾਹੀ ’ਤੇ ਛੱਡਿਆ ਹੋਇਆ ਹੈ ਜਦੋਂ ਕਿ ਅਫ਼ਸਰਸ਼ਾਹੀ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਾਰਨ ਠੇਕੇਦਾਰ ਦੇ ਕੰਮਾਂ ਦੀ ਪੜਚੋਲ ਕਰਨ ਦੀ ਥਾਂ ਖਾਮੋਸ਼ ਰਹਿ ਕੇ ਨਿਯਮਾਂ ਦੀਆਂ ਧੱਜੀਆਂ ਉੱਡਦੇ ਹੋਏ ਦੇਖਦੀ ਰਹਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਹਾਲੇ ਕੁੱਝ ਸਮਾਂ ਪਹਿਲਾਂ ਹੀ ਪਿੰਡ ਟਿੱਬਾ ਵਿੱਚ ਡਰੇਨ ਦੇ ਬਣੇ ਪੁਲ ਦੇ ਮਾਮਲੇ, ਸ਼ੇਰਪੁਰ-ਮੂਲੋਵਾਲ ਅਤੇ ਮਹਿਲ ਕਲਾਂ-ਖਿਆਲੀ ਸੜਕਾਂ ਸਬੰਧੀ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਹਲਕੇ ਦੇ ਇੱਕ ਪਿੰਡ ਵਿੱਚ ਪਹਿਲਾਂ ਉਹ ਇੱਕ ਠੇਕੇਦਾਰ ਵੱਲੋਂ ਲਗਵਾਈ ਤਕਰੀਬਨ 10 ਹਜ਼ਾਰ ਇੱਟ ਪਹਿਲਾਂ ਹੀ ਪੁਟਵਾ ਚੁੱਕੇ ਅਤੇ ਹੁਣ ਕਾਤਰੋਂ-ਮਨਾਲ ਸੜਕ ’ਤੇ ਬਿਨਾਂ ਸਾਫ਼ ਸਫ਼ਾਈ ਪਾਈ ਪ੍ਰੀਮਿਕਸ ਦਾ ਕੰਮ ਵੀ ਦੁਬਾਰਾ ਕਰਵਾਇਆ ਜਾਵੇਗਾ।
ਵਿਧਾਇਕ ਤੇ ਲੋਕਾਂ ਦੀ ਤਸੱਲੀ ਕਰਵਾਈ ਜਾਵੇਗੀ: ਐਕਸੀਅਨ
ਪੰਜਾਬ ਮੰਡੀ ਬੋਰਡ ਦੇ ਐਕਸੀਅਨ ਰਜਿੰਦਰ ਸਿੰਘ ਨੇ ਕਿਹਾ ਕਿ ਕਾਤਰੋਂ-ਮਨਾਲ ਸੜਕ ਸਬੰਧੀ ਵਿਧਾਇਕ ਤੇ ਆਮ ਲੋਕਾਂ ਦੀ ਤਸੱਲੀ ਕਰਵਾਈ ਜਾਵੇਗੀ, ਇਸ ਲਈ ਜੇਕਰ ਸੜਕ ਵੀ ਪੁੱਟਣੀ ਪਈ ਤਾਂ ਪੁਟਵਾਈ ਜਾਵੇਗੀ। ਮੰਡੀ ਬੋਰਡ ਨਾਲ ਹੀ ਸਬੰਧਤ ਟਿੱਬਾ ਡਰੇਨ ਦਾ ਪੁਲ, ਸ਼ੇਰਪੁਰ-ਮੂਲੋਵਾਲ ਸੜਕ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਤੇ ਵਿਧਾਇਕ ਪੰਡੋਰੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਜਦੋਂ ਕਿ ਮਹਿਲ ਕਲਾਂ-ਖਿਆਲੀ ਸੜਕ ਉਨ੍ਹਾਂ ਅਧੀਨ ਨਹੀਂ ਆਉਂਦੀ।