ਬੀਰਬਲ ਰਿਸ਼ੀ
ਸ਼ੇਰਪੁਰ, 23 ਮਈ
ਪਿੰਡ ਹੇੜੀਕੇ ਵਿੱਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਮਜ਼ਦੂਰ ਔਰਤਾਂ ਮਰਦਾਂ ਨੇ ਅਤਿ ਗਰਮੀ ਦੀ ਪਰਵਾਹ ਨਾ ਕਰਦਿਆਂ ਸ਼ੇਰਪੁਰ ਵਿੱਚ ਜ਼ੋਰਦਾਰ ਮੁਜ਼ਾਹਰਾ ਕੀਤਾ। ਉਨ੍ਹਾਂ ਪੰਚਾਇਤੀ ਜ਼ਮੀਨ ਦੀ ਬੋਲੀ ਨਾ ਕਰਨ ਖ਼ਿਲਾਫ਼ ਬੀਡੀਪੀਓ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਅਤੇ ਮਜ਼ਦੂਰਾਂ ’ਤੇ ਸੰਗੀਨ ਧਾਰਾਵਾਂ ਹੇਠ ਪਰਚਾ ਦਰਜ ਦੇ ਵਿਰੁੱਧ ਵਿੱਚ ਥਾਣੇ ਅੱਗੇ ਕਈ ਘੰਟੇ ਧਰਨਾ ਜਾਰੀ ਰੱਖਿਆ। ਯਾਦ ਰਹੇ ਕਿ ਹੇੜੀਕੇ ਵਿੱਚ ਇੱਕ ਸਾਲ ਤੋਂ ਚੱਲ ਰਹੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੇ ਵਿਵਾਦ ਸਬੰਧੀ ਹਾਲ ਹੀ ਦੌਰਾਨ ਪੰਚਾਇਤੀ ਨੁਮਾਇੰਦਿਆਂ ਤੇ ਮਜ਼ਦੂਰਾਂ ਦਰਮਿਆਨ ਹੋਈ ਲੜਾਈ ਵਿੱਚ ਦੋ ਵਿਆਕਤੀਆਂ ਦੇ ਜ਼ਖ਼ਮੀ ਹੋਣ ਮਗਰੋਂ ਲਗਾਤਾਰ ਭਖਿਆ ਮਾਮਲਾ ਪੁਲੀਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਲਾਲ ਝੰਡੇ ਲੈ ਕੇ ਮਜ਼ਦੂਰ ਸਵੇਰ ਸਮੇਂ ਦਾਣਾ ਮੰਡੀ ਸ਼ੇਰਪੁਰ ਪੁੱਜਣੇ ਸ਼ੁਰੂ ਹੋਏ, ਜਿੱਥੋਂ ਇਕੱਠੇ ਹੋ ਕੇ 50 ਫੁਟੀ ਸੜਕ ’ਤੋਂ ਦੀ ਬੀਡੀਪੀਓ ਦਫ਼ਤਰ ਤੱਕ ਮੁਜ਼ਾਹਰੇ ਦੇ ਰੂਪ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇੱਥੋਂ ਮਜ਼ਦੂਰਾਂ ਨੇ ਮੇਨ ਬਜ਼ਾਰ ਵਿੱਚੋਂ ਦੀ ਹੁੰਦੇ ਹੋਏ ਥਾਣਾ ਸ਼ੇਰਪੁਰ ਤੱਕ ਰੋਸ ਪ੍ਰਦਰਸ਼ਨ ਕਰਕੇ ਰੋਸ ਧਰਨਾ ਦਿੱਤਾ। ਥਾਣਾ ਸ਼ੇਰਪੁਰ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਜਨਰਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ, ਵਿੱਤ ਸਕੱਤਰ ਬਿੱਕਰ ਹਥੋਆ ਅਤੇ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਇਰਾਦਾ ਕਤਲ ਦਾ ਝੂਠਾ ਪਰਚਾ ਦਰਜ਼ ਕਰਨ ਦੇ ਦੋਸ਼ ਲਾਉਂਦਿਆਂ ਥਾਣੇ ਪੁੱਜੇ। ਪਰਚੇ ਵਿੱਚ ਨਾਮਜ਼ਦ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਨੂੰ ਚੁਣੌਤੀ ਦਿੱਤੀ। ਆਗੂਆਂ ਨੇ ਮਜ਼ਦੂਰਾਂ ਦੀ ਦਰਖਾਸ਼ਤਾਂ ’ਤੇ ਕਾਰਵਾਈ ਕਰਨ, ਮਜ਼ਦੂਰਾਂ ਦੇ ਘਰਾਂ ’ਤੇ ਛਾਪੇ ਮਾਰਨੇ ਬੰਦ ਕਰਨ ਅਤੇ ਮਜ਼ਦੂਰਾਂ ’ਤੇ ਲੱਗੀ ਇਰਾਦਾ ਕਤਲ ਦੀ ਧਾਰਾ ਹਟਾਏ ਜਾਣ ਦੀ ਮੰਗ ਉਠਾਈ। ਧਰਨਾਕਾਰੀਆਂ ਨੂੰ ਬਲਾਕ ਆਗੂ ਜਸਵੰਤ ਖੇੜੀ, ਸ਼ਿੰਗਾਰਾ ਸਿੰਘ ਹੇੜੀਕੇ, ਗੁਰਪ੍ਰੀਤ ਖੇੜੀ, ਡਾ ਜਗਜੀਵਨ, ਜਸਵੀਰ ਕੌਰ ਹੇੜੀਕੇ, ਪਰਮਜੀਤ ਹੇੜੀਕੇ, ਸਰਬੀ ਸ਼ੇਰਪੁਰ ਅਤੇ ਚਮਕੌਰ ਮੂਲੋਵਾਲ ਨੇ ਸੰਬੋਧਨ ਕੀਤਾ। ਐਸਐਚਓ ਮੈਡਮ ਸੁਖਵਿੰਦਰ ਕੌਰ ਨੇ ਕਿਹਾ ਮਜ਼ਦੂਰਾਂ ‘ਤੇ ਪਰਚਾ ਐਮਐਲਆਰ ਅਤੇ ਮੁਦਈ ਦੇ ਬਿਆਨਾਂ ਦੇ ਅਧਾਰ ‘ਤੇ ਕੀਤਾ ਗਿਆ ਹੈ ਬਾਕੀ ਪੜਤਾਲ ਹਾਲੇ ਜ਼ਾਰੀ ਹੈ।