ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਜਨਵਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਵਿਧਾਨ ਸਭਾ ਚੋਣਾਂ ਕਾਰਨ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਸਰਕਾਰੀ ਇਮਾਰਤ ਅਤੇ ਸਰਕਾਰੀ ਜਾਇਦਾਦ ਦੀ ਵਰਤੋਂ ਸਿਆਸੀ ਹਿੱਤਾਂ ਲਈ ਕਰਨ ’ਤੇ ਸਖਤ ਪਾਬੰਦੀ ਹੈ ਅਤੇ ਨਾ ਹੀ ਕਿਸੇ ਦਫ਼ਤਰ ਦੀ ਇਮਾਰਤ ਅਤੇ ਸਰਕਾਰੀ ਜਾਇਦਾਦ ਉਪਰ ਕੋਈ ਵੀ ਸਿਆਸੀ ਹੋਰਡਿੰਗ, ਬੈਨਰ, ਝੰਡੇ, ਪੋਸਟਰ ਲਗਾਏ ਜਾ ਸਕਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵਿਭਾਗੀ ਮੁਖੀ ਪੂਰੀ ਚੌਕਸੀ ਵਰਤਣ ਅਤੇ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ’ਤੇ ਤੁਰੰਤ ਐਕਸ਼ਨ ਲਿਆ ਜਾਵੇ। ਉਨ੍ਹਾਂ ਮੰਡੀ ਅਧਿਕਾਰੀਆਂ, ਵਣ ਵਿਭਾਗ, ਸਿਹਤ ਵਿਭਾਗ, ਪਾਵਰਕੌਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਲੋਕ ਨਿਰਮਾਣ ਵਿਭਾਗ, ਪੀ.ਆਰ.ਟੀ.ਸੀ ਸਮੇਤ ਹੋਰ ਵਿਭਾਗਾਂ ਦੇ ਮੁਖੀਆਂ ਨੂੰ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਕੀਤੇ। ਉਨ੍ਹਾਂ ਕਿਹਾ ਕਿ ਇਸ ਦੀ ਨਿਰੋਲ ਨਿੱਜੀ ਜਿੰਮੇਵਾਰੀ ਵਿਭਾਗ ਦੇ ਮੁਖੀ ਦੀ ਹੋਵੇਗੀ ਅਤੇ ‘‘ਦੀ ਪੰਜਾਬ ਪ੍ਰੀਵੈਨਸ਼ਨ ਆਫ਼ ਡੀਫੇਸਮੈਂਟ ਆਫ਼ ਪ੍ਰਾਪਰਟੀ ਐਕਟ 1997’’ ਦੀ ਧਾਰਾ 3 ਅਤੇ ਚੋਣ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਕੋਈ ਵੀ ਨਵਾਂ ਵਿਕਾਸ ਕਾਰਜ ਸ਼ੁਰੂ ਨਹੀਂ ਕਰਵਾਇਆ ਜਾ ਸਕਦਾ ਅਤੇ ਪਹਿਲਾਂ ਤੋਂ ਚੱਲ ਰਹੇ ਕਾਰਜਾਂ ਦੇ ਵਿਸਤਿ੍ਰਤ ਵੇਰਵੇ ਤਹਿਸੀਲਦਾਰ ਚੋਣਾਂ ਦਫ਼ਤਰ ਵਿਖੇ ਜਮਾਂ ਕਰਵਾਏ ਜਾਣ। ਇਸ ਮੌਕੇ ਅਨਮੋਲ ਸਿੰਘ, ਲਤੀਫ਼ ਅਹਿਮਦ, ਵਿਜੈ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।