ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਜੂਨ
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਜਲ ਨਿਕਾਸ ਤੇ ਉਸਾਰੀ ਮੰਡਲ ਸਣੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚੋਂ ਲੰਘਦੀਆਂ ਸਮੂਹ ਡਰੇਨਾਂ, ਬਰਸਾਤੀ ਨਾਲਿਆਂ ਤੇ ਚੋਆਂ ਦੀ ਸਾਫ਼ ਸਫ਼ਾਈ ਦੇ ਕਾਰਜਾਂ ਨੂੰ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਆਖਿਆ ਕਿ ਮੌਨਸੂਨ ਤੋਂ ਪਹਿਲਾਂ-ਪਹਿਲਾਂ ਇਹ ਕਾਰਜ ਪੂਰੇ ਕਰ ਲਏ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੀਆਂ ਬਹਾਦਰ ਸਿੰਘ ਵਾਲਾ ਡਰੇਨ, ਸੰਗਰੂਰ ਡਰੇਨ, ਬਾਲੀਆਂ ਡਰੇਨ, ਸਰਹਿੰਦ ਚੋਅ, ਹਰਿਆਊ ਲਿੰਕ ਡਰੇਨ, ਸੰਗਤੀ ਵਾਲਾ ਡਿੱਚ ਡਰੇਨ, ਲਹਿਰਾਗਾਗਾ ਮੇਨ ਡਰੇਨ, ਨਰਾਇਣਗੜ੍ਹ ਲਿੰਕ ਡਰੇਨ, ਐਲ-2 ਏ ਲਿੰਕ ਡਰੇਨ, ਕੈਰੋਂ ਡਰੇਨ, ਧੂਰੀ ਲਿੰਕ ਡਰੇਨ, ਟੱਲੇਵਾਲ ਡਰੇਨ ਅਤੇ ਹਰੀਗੜ੍ਹ ਡਰੇਨਾਂ ਵਿੱਚੋਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸਰਕੰਡਾ, ਵੀਡ, ਜਾਲਾ, ਬੂਟੀ ਆਦਿ ਦੀ ਮਗਨਰੇਗਾ ਵਰਕਰਾਂ ਅਤੇ ਜੇ.ਸੀ.ਬੀ ਰਾਹੀਂ ਸਫ਼ਾਈ ਕਰਵਾਉਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਹੁਣ ਤੱਕ ਹੋਏ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਗਈ ਹੈ।
ਇਸੇ ਦੌਰਾਨ ਡੀਸੀ ਨੇ ਮਕਰੋੜ ਸਾਹਿਬ, ਫੂਲਦ, ਮੂਨਕ, ਸਲੇਮਗੜ੍ਹ ਅਤੇ ਧਮੂਰ ਘਾਟ ਵਿਚ ਘੱਗਰ ਦਰਿਆ ਦੇ ਦੋਵੇਂ ਪਾਸੇ ਬੰਨ੍ਹਾਂ ਦੀ ਮਜ਼ਬੂਤੀ ਲਈ ਹੁਣ ਤੱਕ ਕੀਤੇ ਕਾਰਜਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਸੁੱਕੀਆਂ ਤੇ ਲਿੰਕ ਡਰੇਨਾਂ ਦੀ ਸਫ਼ਾਈ ਦਾ ਕੰਮ ਸਮੇਂ ਸਿਰ ਨੇਪਰੇ ਚੜ੍ਹਾਉਣ ਦੇ ਨਾਲ ਨਾਲ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।