ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 19 ਜੂਨ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਡਾਇਰੈਕਟਰ ਸਰਪੰਚ ਕਿਰਨਜੀਤ ਕੌਰ ਚੱਠਾ ਅਤੇ ਬਲਾਕ ਸਮਿਤੀ ਮੈਂਬਰ ਬਿੱਕਰ ਸਿੰਘ ਚੱਠਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇੱਕ ਦੇਸ਼-ਇੱਕ ਮੰਡੀ ਦਾ ਫ਼ੈਸਲਾ ਲੈ ਕੇ ਕਿਸਾਨਾਂ ਮਜ਼ਦੂਰਾਂ ਦੇ ਪੇਟ ’ਤੇ ਲੱਤ ਮਾਰ ਰਹੀ ਹੈ। ਕਿਉਂਕਿ ਕਿਸਾਨ ਅਤੇ ਮਜ਼ਦੂਰ ਪਹਿਲਾਂ ਹੀ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਰਜ਼ੇ ਰੂਪੀ ਡੂੰਘੇ ਖੂਹ ਵਿੱਚ ਡੁੱਬੇ ਹੋਏ ਹਨ। ਇਸ ਕਾਰਨ ਮੋਦੀ ਸਰਕਾਰ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਕੋਲ ਦੇ ਰਹੇ ਹਨ। ਇਸ ਤੋਂ ਦੇਸ਼ ਦੀ ਬਰਬਾਦੀ ਤੈਅ ਹੈ। ਫਸਲ ਨੂੰ ਕੌਡੀਆਂ ਦੇ ਭਾਅ ਖਰੀਦ ਕੇ ਮਹਿੰਗੇ ਮੁੱਲ ਤੇ ਇਹ ਘਰਾਣੇ ਵੇਚਣਗੇ। ਫਿਰ ਭੁੱਖਮਰੀ ਨਾਲ ਲੁੱਟਾਂ ਖੋਹਾਂ ਮਾਰ-ਧਾੜ ਵਧੇਗੀ। ਦੇਸ਼ ਬਰਬਾਦੀ ਦੇ ਕੰਢੇ ਵੱਲ ਵਧੇਗਾ। ਇਸ ਤੋਂ ਪਹਿਲਾਂ ਦੱਖਣੀ ਭਾਰਤ ਵਿੱਚ ਸਰਕਾਰੀ ਖ਼ਰੀਦ ਟੁੱਟਣ ਨਾਲ ਖਾਸ ਕਰਕੇ ਪਿਆਜ਼ ਦੀ ਖੇਤੀ ਦਾ ਬੁਰਾ ਹੋਇਆ ਹੈ। ਆਗੂਆਂ ਵੱਲੋਂ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਕਿਸਾਨ ਤੇ ਮਜ਼ਦੂਰ ਮਾਰੂ ਫੈਸਲੇ ਰੱਦ ਕੀਤੇ ਜਾਣ। ਇਸ ਮੌਕੇ ਹੋਰ ਵੀ ਕਾਂਗਰਸੀ ਵਰਕਰ ਮੌਜੂਦ ਸਨ।