ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੁਲਾਈ
ਲੋਕ ਨਿਰਮਾਣ ਵਿਭਾਗ ਤੇ ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਦਿਨੋ-ਦਿਨ ਵਧ ਰਹੀ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸ਼ੁਰੂ ਕੀਤੇ ਗਏ ਸੜਕਾਂ ਚੌੜੀਆਂ ਕਰਨ ਦੇ ਪ੍ਰਾਜੈਕਟ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਕੋਈ ਦਰੱਖਤ ਜਾਂ ਬੂਟਾ ਪੁੱਟਿਆ ਨਹੀਂ ਜਾ ਰਿਹਾ। ਜਦੋਂ ਵੀ ਕਿਸੇ ਸੜਕ ਨੂੰ ਚੌੜਾ ਕਰਨ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਕੋਈ ਐਸਟੀਮੇਟ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਕਿ ਵੱਧ ਤੋਂ ਵੱਧ ਬੂਟਿਆਂ ਤੇ ਦਰੱਖਤਾਂ ਨੂੰ ਬਚਾਇਆ ਜਾ ਸਕੇ।
ਕੈਬਨਿਟ ਮੰਤਰੀ ਨੇ ਜਾਰੀ ਪ੍ਰੈਸ ਬਿਆਨ ’ਚ ਦੱਸਿਆ ਕਿ ਕੁਝ ਲੋਕਾਂ ਵੱਲੋਂ ਸੰਗਰੂਰ ਵਿਚਲੀ ਐਕਸਚੇਂਜ ਰੋਡ ’ਤੇ ਲੱਗੇ ਬੂਟਿਆਂ ਨੂੰ ਸੜਕ ਚੌੜੀ ਕਰਨ ਲਈ ਪੁੱਟੇ ਜਾਣ ਬਾਰੇ ਗਲਤ ਅਫ਼ਵਾਹ ਫੈਲਾਈ ਜਾ ਰਹੀ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਨੂੰ ਚੌੜੀ ਕਰਨ ਦਾ ਕੰਮ ਇੰਟਰਲਾਕ ਟਾਈਲਾਂ ਲਗਾ ਕੇ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਹੈ ਤੇ ਹੁਣ ਸਿਰਫ ਸੜਕ ਦੇ ਵਿਚਕਾਰ ਲੱਗੀ ਬਿਜਲੀ ਦੀ ਸਪਲਾਈ ਲਾਈਨ ਦੇ ਖੰਭਿਆਂ ਨੂੰ ਪਿੱਛੇ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਲਾਈਨ ਪਿੱਛੇ ਹਟਾਉਣ ਨਾਲ ਵੀ ਕਿਸੇ ਬੂਟੇ ਨੂੰ ਪੁੱਟਣ ਜਾਂ ਵੱਢਣ ਦੀ ਜ਼ਰੂਰਤ ਨਹੀਂ ਕਿਉਂਕਿ ਲੋਕ ਨਿਰਮਾਣ ਵਿਭਾਗ ਵੱਲੋਂ ਖੰਭਿਆਂ ਦੀ ਉਚਾਈ 8 ਮੀਟਰ ਤੋਂ ਵਧਾ ਕੇ 11 ਮੀਟਰ ਕਰਨ ਦੇ ਨਾਲ-ਨਾਲ ਸਪੈਸ਼ਲ ਤਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਖ਼ਾਸ ਤਾਰ ਦੀ ਵਰਤੋਂ ਨਾਲ ਇਸ ਕੰਮ ’ਤੇ ਲਾਗਤ ’ਚ ਤਾਂ ਵਾਧਾ ਹੋਵੇਗਾ ਪਰ ਕੋਈ ਵੀ ਬੂਟਾ ਵੱਢਣਾ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਬੂਟਿਆਂ ਦੀ ਕਾਂਟ-ਛਾਂਟ ਦੀ ਗੱਲ ਹੈ, ਉਹ ਕਰਨੀ ਕਈ ਕਿਸਮਾਂ ਲਈ ਜ਼ਰੂਰੀ ਵੀ ਹੁੰਦੀ ਹੈ ਤੇ ਬਾਰਿਸ਼ ’ਚ ਬਿਜਲੀ ਦੀਆਂ ਤਾਰਾਂ ਨੂੰ ਛੂਹੰਦੀਆਂ ਟਾਹਣੀਆਂ ਸੁਰੱਖਿਆ ਕਾਰਨਾਂ ਕਰਕੇ ਵੱਢਣੀਆਂ ਪੈਂਦੀਆਂ ਹਨ ਕਿਉਂਕਿ ਹਾਈ ਵੋਲਟੇਜ ਵਾਲੀ ਤਾਰ ਨਾਲ ਟਾਹਣੀ ਲੱਗਣ ਕਰਕੇ ਪੂਰੇ ਬੂਟੇ ’ਚ ਕਰੰਟ ਆਉਣ ਦਾ ਖ਼ਤਰਾ ਬਣ ਜਾਂਦਾ ਹੈ। ਇਸਦੇ ਨਾਲ ਹੀ ਦਰੱਖਤ ਦੀਆਂ ਟਾਹਣੀਆਂ ਲੱਗਣ ਨਾਲ ਤਾਰਾਂ ਟੁੱਟਣ ਦਾ ਖ਼ਦਸ਼ਾ ਵੀ ਬਣ ਜਾਂਦਾ ਹੈ ਜੋ ਨੇੜਿਉਂ ਲੰਘਣ ਵਾਲੇ ਰਾਹਗੀਰਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦਾ ਹੈ ਜਿਸ ਕਾਰਨ ਪੂਰਾ ਬੂਟਾ ਵੱਢਣ ਦੀ ਥਾਂ ਟਾਹਣੀਆਂ ਛਾਂਗਣੀਆਂ ਜ਼ਰੂਰੀ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਅੰਦਰ ਹਰ ਸਾਲ 4 ਲੱਖ ਤੋਂ ਵਧੇਰੇ ਨਵੇਂ ਬੂਟੇ ਲਗਾਏ ਜਾ ਰਹੇ ਹਨ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬੂਟੇ ਲਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ’ਚ ਪੂਰਾ ਸਾਥ ਦਿੱਤਾ ਜਾ ਰਿਹਾ ਹੈ।