ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੂਨ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਇੱਥੇ ਅੱਜ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਕਾਲੇ ਝੰਡਿਆਂ ਨਾਲ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ ਅਤੇ ਰੈਸਟ ਹਾਊਸ ਅੱਗੇ ਪੁੱਜ ਕੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਵਿਤਕਰੇ ਭਰਪੂਰ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਜਮਾਤ ਸਿੱਖਿਆ ਦੇ ਬਦਲ ਵਜੋਂ ਥੋਪਣ, ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਅਧਿਆਪਕਾਂ (ਵੋਕੇਸ਼ਨ ਕਾਡਰ) ਨੂੰ ਆਨਲਾਈਨ ਜ਼ੂਮ ਕਲਾਸਾਂ ਲਾਉਣ ਲਈ ਮਜਬੂਰ ਕਰਨ ਤੋਂ ਇਲਾਵਾ ਮੀਟਿੰਗਾਂ, ਟ੍ਰੇਨਿੰਗਾਂ, ਅਨਾਜ ਤੇ ਕਿਤਾਬਾਂ ਦੀ ਵੰਡ ਤੇ ਦਾਖ਼ਲਿਆਂ ਦੇ ਕੰਮਾਂ ਵਿੱਚ ਉਲਝਾ ਕੇ ਰੱਖਣ ਅਤੇ ਸਰਕਾਰ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਮਕਾਏ ਜਾਣ ਖ਼ਿਲਾਫ਼ ਸਖ਼ਤ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਸਾਂਝਾ ਅਧਿਆਪਕ ਮੋਰਚੇ ਦੇ ਕਨਵੀਨਰ ਨਿਰਭੈ ਸਿੰਘ, ਦੇਵੀ ਦਿਆਲ, ਗੁਰਸੇਵਕ ਕਲੇਰ, ਜਰਨੈਲ ਮਿੱਠੇਵਾਲ, ਸਵਰਨ ਸਿੰਘ ਨੇ ਦੋਸ਼ ਲਗਾਇਆ ਕਿ ਸਕੱਤਰ ਸਕੂਲ ਸਿੱਖਿਆ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਦੇ 5 ਮਾਰਚ 2019 ਨੂੰ ਕੀਤੇ ਫੈਸਲੇ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਹੀਂ ਕੀਤੀਆਂ ਗਈਆਂ, ਸਗੋਂ ਵਿਭਾਗ ਦੀ ਆਕਾਰ ਘਟਾਈ ਤਹਿਤ ਵੱਡੀ ਗਿਣਤੀ ਸਰਕਾਰੀ ਸਕੂਲ ਪੱਕੇ ਤੌਰ ’ਤੇ ਬੰਦ ਕਰਨ ਦੀ ਨੀਤੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮੌਕੇ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਪਟਿਆਲਾ (ਰਵੇਲ ਸਿੰਘ ਭਿੰਡਰ): ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਦਿੱਤੇ ਗਏ ਸੱਦੇ ’ਤੇ ਇੱਥੇ ਜ਼ਿਲ੍ਹਾ ਪਟਿਆਲਾ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਪੁੱਡਾ ਪਾਰਕ ਤੋਂ ਕਾਲੇ ਝੰਡਿਆਂ ਨਾਲ ਸ਼ਹਿਰ ਵਿੱਚ ਮੋਟਰਸਾਈਕਲ/ਸਕੂਟਰ ਮਾਰਚ ਕੱਢਿਆ। ਸਥਾਨਕ ਵਾਈਪੀਐਸ ਚੌਕ ਤੱਕ ਮੋਟਰਸਾਈਕਲ/ਸਕੂਟਰ ਮਾਰਚ ਕੱਢਣ ਮਗਰੋਂ ਅਧਿਆਪਕਾਂ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕਦਿਆਂ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਭੇਜਿਆ ਗਿਆ, ਜੋ ਜ਼ਿਲ੍ਹਾ ਅਧਿਕਾਰੀ ਨੇ ਪ੍ਰਾਪਤ ਕੀਤਾ। ਪ੍ਰਦਰਸ਼ਨ ਨੂੰ ਪਰਮਜੀਤ ਪਟਿਆਲਾ, ਗੁਰਪ੍ਰੀਤ ਗੁਰੂ, ਹਰਵਿੰਦਰ ਰੱਖੜਾ ਤੇ ਅਮਨਦੀਪ ਦੇਵੀਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।