ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 5 ਫਰਵਰੀ
ਪਿੰਡ ਕਾਂਝਲਾ ਦੇ ਗੁਰਦੁਆਰਾ ਝਿੜ੍ਹਾ ਸਾਹਿਬ ਵਿਖੇ, ਜਿਥੇ ਸੰਤ ਅਤਰ ਸਿੰਘ ਦੀ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ, ਉਥੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਸਬੰਧੀ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਨੀ ਰੰਗਮੰਚ ਵੱਲੋਂ ਸਨੀ ਚਾਵਰੀਆ ਦੀ ਅਗਵਾਈ ਵਿਚ ‘ਕਦੋਂ ਜਾਗਾਂਗੇ’ ਨੁੱਕੜ ਨਾਟਕ ਖੇਡਿਆ ਗਿਆ। ਇਸ ਮੌਕੇ ਨਾਟਕ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ। ਇਸ ਨਾਟਕ ਰਾਹੀਂ ਪਿੰਡ ਵਾਸੀਆਂ ਨੂੰ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਗਿਆ। ਇਸ ਤੋਂ ਇਲਾਵਾ ਦਿੱਲੀ ’ਚ ਕਿਸਾਨਾਂ ’ਤੇ ਕੀਤੇ ਤਸ਼ੱਦਦ ਨੂੰ ਲੈ ਕੇ ਰੋਸ ਵਜੋਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 6 ਫਰਵਰੀ ਨੂੰ ਬੰਦ ਦੇ ਸੱਦੇ ਤਹਿਤ ਨੈਸ਼ਨਲ ਹਾਈਵੇ ਸੜਕਾਂ ਅਤੇ ਮੇਨ ਸਟੇਟ ਸੜਕਾਂ ਨੂੰ ਪੂਰਨ ਤੌਰ ’ਤੇ ਬੰਦ ਰੱਖਣ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਕਲੇਰ, ਮਲਕੀਤ ਸਿੰਘ ਢਿੱਲੋਂ ਅਤੇ ਹੋਰ ਕਮੇਟੀ ਮੈਂਬਰ, ਬਾਬਾ ਪਰਮਜੀਤ ਸਿੰਘ, ਭਾਈ ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਰੂਸੀ ਆਦਿ ਵੀ ਸ਼ਾਮਲ ਸਨ।