ਹਰਜੀਤ ਸਿੰਘ
ਖਨੌਰੀ, 15 ਅਪਰੈਲ
ਹਲਕਾ ਲਹਿਰਾਗਾਗਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਖਨੌਰੀ ਸਰਕਲ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵਿਧਾਇਕ ਨੇ ਅੰਨਦਾਨਾ, ਕਰੋਦਾ, ਭੁੱਲਣ, ਮਾਂਡਵੀ, ਹਰੀਗੜ੍ਹ ਗੇਹਲਾ ਦੀਆਂ ਮੰਡੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਮੰਡੀਆਂ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨੂੰ ਮੰਡੀ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੀ ਵੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਵਿਧਾਇਕ ਗੋਇਲ ਨੇ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵੇਗੀ। ਪੰਜਾਬ ਸਰਕਾਰ ਵੱਲੋਂ ਸੀਜ਼ਨ ਲਈ ਬਾਰਦਾਨੇ ਅਤੇ ਲਿਫ਼ਟਿੰਗ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ‘ਆਪ’ ਸਰਕਾਰ ਹਰ ਸਹੂਲਤ ਤੁਹਾਡੇ ਘਰ, ਮੁਹੱਲੇ ਅਤੇ ਸ਼ਹਿਰ ਤੱਕ ਪੁੱਜਦਾ ਕਰਨ ਲਈ ਵਚਨਬੱਧ ਹੈ ਅਤੇ ਜਲਦੀ ਹੀ ਸਰਕਾਰ ਜਨਤਾ ਦੇ ਹਿਤ ਵਿੱਚ ਵੱਡੇ ਐਲਾਨ ਕਰੇਗੀ। ਉਨ੍ਹਾਂ ਆੜ੍ਹਤੀਆਂ ਨੂੰ ਯਕੀਨ ਦੁਆਇਆ ਕਿ ਸੀਜ਼ਨ ਦੌਰਾਨ ਉਨ੍ਹਾਂ ਨੂੰ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਤਰਸੇਮ ਸਿੰਗਲਾ, ਸੁਰਿੰਦਰ ਕਾਂਸਲ, ਟਰੱਕ ਯੂਨੀਅਨ ਪ੍ਰਧਾਨ ਜ਼ੋਰਾ ਸਿੰਘ ਉੱਪਲ, ਸੁਰਿੰਦਰ ਕੁਮਾਰ ਬਬਲੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਖਨੌਰੀ, ਬਲਜੀਤ ਸਿੰਘ ਜੰਮੂ ਜ਼ਿਲ੍ਹਾ ਖ਼ਜ਼ਾਨਚੀ, ਜੋਗੀ ਰਾਮ ਭੁੱਲਣ ਬਲਾਕ ਪ੍ਰਧਾਨ, ਬਸਾਊ ਰਾਮ ਅੰਨਦਾਣਾ, ਡਾ. ਦਲਬੀਰ ਸਿੰਘ ਭੁੱਲਣ, ਈਸ਼ਵਰ ਸਿੰਘ, ਜੀਤ ਸਿੰਘ ਭੁੱਲਣ, ਭਗਵੰਤ ਸਿੰਘ ਮੰਡਵੀ, ਦੀਪਕ ਜੈਨ ਲਹਿਰਾ ਅਤੇ ਮਾਰਕੀਟ ਕਮੇਟੀ ਖਨੌਰੀ ਅਤੇ ਵੇਅਰ ਹਾਊਸ ਦੇ ਮੁਲਾਜ਼ਮ ਹਾਜ਼ਰ ਸਨ।
ਭਰਾਜ ਵੱਲੋਂ ਸੜੀ ਕਣਕ ਤੇ ਨਾੜ ਦੇ ਨੁਕਸਾਨ ਦਾ ਜਾਇਜ਼ਾ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਨੇੜਲੇ ਪਿੰਡ ਘਰਾਚੋਂ ਵਿੱਚ ਬੀਤੀ ਕੱਲ੍ਹ ਅੱਗ ਲੱਗਣ ਕਾਰਨ ਸੜੇ ਕਣਕ ਅਤੇ ਨਾੜ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਸਬ ਡਿਵੀਜ਼ਨ ਭਵਾਨੀਗੜ੍ਹ ਦੇ ਅਧਿਕਾਰੀਆਂ ਸਮੇਤ ਪਹੁੰਚੇ। ਵਿਧਾਇਕ ਭਰਾਜ ਨੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਮੌਕੇ ’ਤੇ ਹਾਜ਼ਰ ਐੱਸਡੀਐੱਮ (ਭਵਾਨੀਗੜ੍ਹ) ਲਤੀਫ ਅਹਿਮਦ ਅਤੇ ਤਹਿਸੀਲਦਾਰ (ਭਵਾਨੀਗੜ੍ਹ) ਰਾਕੇਸ਼ ਕੁਮਾਰ ਨੂੰ ਕਣਕ ਅਤੇ ਨਾੜ ਦੇ ਨੁਕਸਾਨ ਸਬੰਧੀ ਰਿਪੋਰਟ ਬਣਾਉਣ ਦਾ ਆਦੇਸ਼ ਦਿੱਤਾ ਤਾਂ ਕਿ ਪੀੜਤਾਂ ਨੂੰ ਜਲਦੀ ਮੁਆਵਜ਼ਾ ਦਿੱਤਾ ਜ ਸਕੇ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਝੱਖੜ ਦੌਰਾਨ ਅੱਗ ਲੱਗਣ ਕਾਰਨ 100 ਏਕੜ ਤੋਂ ਵੱਧ ਨਾੜ ਸੜ ਕੇ ਸੁਆਹ ਹੋ ਗਿਆ ਸੀ।