ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਜਨਵਰੀ
ਇਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਸਟਾਫ਼ ਨੂੰ ਪਿੱਛਲੇ ਇੱਕੀ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਐਡਮਿਨ ਬਲਾਕ ਨੂੰ ਜਿੰਦਰਾ ਲਾਉਂਦਿਆਂ ਦਿਨ ਰਾਤ ਦੇ ਅਣਮਿਥੇ ਧਰਨਾ ਦਿੱਤਾ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਸਟਾਫ ਦੇ ਆਗੂ ਗੁਰਮੀਤ ਸਿੰਘ ਅਤੇ ਮਹਿੰਦਰਪਾਲ ਨੇ ਦੱਸਿਆਕਿ ਉਨ੍ਹਾਂ ਨੂੰ ਇੱਕੀ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਉਹ ਆਰਥਿਕ ਮੰਦਹਾਲੀ ਵਿੱਚ ਆ ਚੁੱਕੇ ਹਨ।ਉਨ੍ਹਾਂ ਕਿਹਾ ਕਿ ਸਟਾਫ ਮੈਂਬਰਾਂ ਨੂੰ ਛੋਟੇ- ਛੋਟੇ ਖਰਚਿਆਂ ਲਈ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ ।ਉਨ੍ਹਾਂ ਕਿਹਾ ਕਿ ਪੂਰੇ ਕਾਲਜ ਦੇ 110 ਮੁਲਾਜ਼ਮਾਂ ਨੇ ਅੱਜ ਮਜ਼ਬੂਰਨ ਪ੍ਰਬੰਧਕੀ ਬਲਾਕ ਨੂੰ ਤਾਲਾ ਲਾ ਦਿੱਤਾ ਹੈ। ਕੈਂਸਰ ਤੋਂ ਪੀੜਤ ਸੋਨਮ ਮੋਦਗਿੱਲ ਨੇ ਕਿਹਾ ਕਿ ਤਨਖਾਹ ਬੰਦ ਹੋਣ ਕਾਰਨ ਉਹ ਦਵਾਈ ਚਾਲੂ ਰੱਖਣ ਤੋਂ ਵੀ ਅਸਮਰੱਥ ਹਾਂ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਭ ਤੋਂ ਵੱਡੀ ਮੌਤ ਉਦੋਂ ਮਰ ਰਹੇ ਹਾਂ ਜਦੋਂ ਅਸੀਂ ਛੋਟੇ- ਛੋਟੇ ਬੱਚਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਉਨ੍ਹਾਂ ਨੂੰ ਪਿੱਛਲੀ ਤਨਖ਼ਾਹ ਨਹੀਂ ਮਿਲ ਜਾਂਦੀ ਅਤੇ ਅੱਗੇ ਨੂੰ ਕੋਈ ਸਥਾਈ ਹੱਲ ਨਹੀਂ ਨਹੀਂ ਹੋ ਜਾਂਦਾ ਉਦੋਂ ਤੱਕ ਦਿਨ ਰਾਤ ਦਾ ਧਰਨਾ ਜਾਰੀ ਰਹੇਗਾ।
ਚੋਣਾਂ ’ਚ ਅਧਿਆਪਕਾਂ ਦੀ ਡਿਊਟੀ ਨਾ ਲਗਾਉਣ ਦੀ ਮੰਗ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ਼੍ਹਾ ਇਕਾਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ14 ਫਰਵਰੀ ਨੂੰ ਪੰਜਾਬ ’ਚ ਹੋ ਰਹੀਆਂ ਨਗਨ ਨਿਗਮਾਂ, ਨਗਰਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਚ ਅਧਿਆਪਕਾਂ ਦੀ ਡਿਊਟੀ ਨਾ ਲਗਾਈ ਜਾਵੇ ਅਤੇ ਹੋਰ ਵਿਭਾਗਾਂ ’ਚੋ ਡਿਊਟੀਆਂ ਲਗਾਈਆਂ ਜਾਣ ਕਿਉਂਕਿ ਦਸ ਮਹੀਨਿਆਂ ਬਾਅਦ ਸਕੂਲ ਖੁੱਲ੍ਹੇ ਹਨ ਜਿਸ ਕਰਕੇ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ। ਜਿਸ ਕਰਕੇ ਬੱਚਿਆਂ ਦੇ ਇਮਤਿਹਾਨਾਂ ਨੂੰ ਮੁੱਖ ਰੱਖਦਿਆਂ ਅਧਿਆਪਕਾਂ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ। ਇਥੇ ਜਥੇਬੰਦੀ ਦੀ ਮੀਟਿੰਗ ਤੋਂ ਬਾਅਦ ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਪੜ੍ਹਾਈ ਦੇ ਇਸ ਨਾਜ਼ੁਕ ਸਮੇਂ ਅਧਿਆਪਕਾਂ ਨੂੰ ਕਿਸੇ ਤਰ੍ਹਾਂ ਦੇ ਗੈਰਵਿਦਿਅਕ ਵਿੱਚ ਨਾ ਉਲਝਾਇਆ ਜਾਵੇ।ਇਸ ਮੌਕੇ ਸੁਖਦੇਵ ਧੂਰੀ, ਵਿਸ਼ਵਕਾਂਤ, ਗੁਰਮੇਲ ਬਖਸੀਵਾਲਾ ਪਰਮਿੰਦਰ ਤੇ ਸਤਨਾਮ ਉੱਭਾਵਾਲ, ਜਗਦੇਵ ਵਰਮਾ, ਅੰਮ੍ਰਿਤਪਾਲ ਜਗਰੂਪ, ਜਸਵੀਰ ਤੇ ਸੁਖਜਿੰਦਰ ਸੰਗਰੂਰ ਗੁਰਪ੍ਰੀਤ ਬੱਬੀ, ਗੁਰਮੀਤ ਸੇਖੁਵਾਸ ਯਾਦਵਿੰਦਰ, ਸਤਵੀਰ ਭੁਪਾਲ , ਬਲਜੀਤ ਚੱਠਾ,ਬਲਜੀਤ ਨਮੋਲ, ਮਹਿੰਦਰ ਪ੍ਰਤਾਪ, ਰਘਵਿੰਦਰ ਸ਼ੇਰਪੁਰ ਧੂਰੀ ਅਤੇ ਦਾਤਾ ਸਿੰਘ ਨਮੋਲ ਮੌਜੂਦ ਸਨ।