ਬੀਰਬਲ ਰਿਸ਼ੀ
ਸ਼ੇਰਪੁਰ, 11 ਅਪਰੈਲ
ਸੜਕ ’ਤੇ ਗੰਦਗੀ ਦੇ ਲੱਗੇ ਢੇਰਾਂ ਤੋਂ ‘ਸਨਸਿਟੀ’ ਕਾਲੋਨੀ ਦੇ ਵਸਨੀਕ ਬਹੁਤ ਦੁਖੀ ਹਨ, ਜਿਨ੍ਹਾਂ ਨੇ ਕਾਲੋਨੀ ਅੱਗੇ ਕੂੜਾ ਕਰਕਟ ਸੁੱਟਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਮਾਸਟਰ ਮਹਿੰਦਰ ਪ੍ਰਤਾਪ ਨੇ ਦੱਸਿਆ ਕਿ ਕੁੱਝ ਲੋਕ ਹਨੇਰੇ ਸਵੇਰੇ ਚੁੱਪ-ਚਾਪ ਕਾਲੋਨੀ ਦੇ ਬਾਹਰਲੇ ਪਾਸਿਓਂ ਲੰਘਦੀ ਸੜਕ ਦੇ ਦੋਵੇਂ ਪਾਸੇ ਘਰਾਂ ਦਾ ਕੂੜਾ-ਕਰਕਟ ਸਾਮਾਨ ਸੁੱਟ ਜਾਂਦੇ ਹਨ। ਹੈਰਾਨੀਜਨਕ ਹੈ ਕਿ ਇਸ ਕੂੜੇ ਕਰਕਟ ਵਿੱਚ ਵਰਤੋਂ ਵਿੱਚ ਆ ਚੁੱਕੀਆਂ ਸਰਿੰਜਾਂ, ਪੱਟੀਆਂ ਅਤੇ ਡਾਕਟਰੀ ਪੇਸ਼ੇ ਨਾਲ ਸਬੰਧਤ ਸਾਮਾਨ ਵੀ ਕਈ ਵਾਰ ਵੇਖਿਆ ਗਿਆ ਹੈ। ਕਾਂਗਰਸੀ ਆਗੂ ਚਮਕੌਰ ਸਿੰਘ ਭੋਲਾ ਟਿੱਬਾ ਨੇ ਦੱਸਿਆ ਕਿ ਹੁਣ ਸੜਕ ਤੋਂ ਇਲਾਵਾ ਨਾਲ ਲੱਗਦੇ ਰਜਵਾਹੇ ’ਤੇ ਵੀ ਲੋਕ ਕੂੜਾ ਕਰਕਟ ਸੁੱਟਣ ਲੱਗੇ ਹਨ ਜੋ ‘ਸਵੱਛ ਭਾਰਤ ਸਕੀਮ’ ਨੂੰ ਅਗੂਠਾ ਵਿਖਾਉਣ ਦੇ ਤੁੱਲ ਹੈ ਪਰ ਇਸ ਪਾਸੇ ਸਬੰਧਤ ਕਿਸੇ ਮਹਿਕਮੇ ਦਾ ਉੱਕਾ ਹੀ ਧਿਆਨ ਨਹੀਂ।
ਪਿੰਡ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸ ਦੇ ਮਾਮਲਾ ਅੱਜ ਹੀ ਧਿਆਨ ਵਿੱਚ ਆਇਆ ਹੈ, ਉਹ ਪੰਚਾਇਤ ਨਾਲ ਰਾਇ ਮਸ਼ਵਰੇ ਮਗਰੋਂ ਕੂੜਾ ਕਰਕਟ ਨਾ ਸੁੱਟਣ ਸਬੰਧੀ ਮੁਨਾਦੀ ਕਰਵਾਉਣਗੇ।