ਬੀਰਬਲ ਰਿਸ਼ੀ
ਸ਼ੇਰਪੁਰ, 1 ਮਾਰਚ
ਰੂਸ ਤੇ ਯੂਕਰੇਨ ਦਰਮਿਆਨ ਲੱਗੀ ਜੰਗ ਦੇ ਮੱਦੇਨਜ਼ਰ ਤੇਲ ਦੀ ਸੰਭਾਵੀ ਕਮੀ ਦੀਆਂ ਅਫ਼ਵਾਹਾਂ ਦੇ ਮੱਦੇਨਜ਼ਰ ਡੀਜ਼ਲ ਦੀ ਮੰਗ ਬੇਹੱਦ ਵਧ ਗਈ ਹੈ ਅਤੇ ਪੈਟਰੋਲ ਪੰਪਾਂ ’ਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਰੂਸ ਤੇ ਯੂਕਰੇਨ ਦੀ ਆਪਸੀ ਜੰਗ ਕਾਰਨ ਤੇਲ ਦੀ ਘਾਟ ਪੈਣ ਦੀ ਵੱਡੀ ਸੰਭਾਵਨਾ ਹੈ ਅਤੇ ਕੁਝ ਲੋਕ ਤਾਂ ਡੀਜ਼ਲ ਬੰਦ ਹੋਣ ਦੇ ਖ਼ਦਸ਼ੇ ਵੀ ਪ੍ਰਗਟ ਕਰ ਰਹੇ ਹਨ। ਇਸ ਕਰਕੇ ਲੋਕ ਆਪਣੀਆਂ ਫਸਲਾਂ ਨੂੰ ਪਾਲਣ ਲਈ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੇ ਅਤੇ ਉਹ ਅਗਾਊਂ ਹੀ ਡੀਜ਼ਲ ਜਮ੍ਹਾਂ ਕਰਕੇ ਰੱਖ ਰਹੇ ਹਨ। ਇੱਕ ਹੋਰ ਕਿਸਾਨ ਦਾ ਕਹਿਣਾ ਹੈ ਕਿ ਚੋਣਾਂ ਮਗਰੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹਣ ਦੇ ਆਸਾਰ ਹਨ।
ਐੱਸਆਰ ਪੈਟਰੋਲ ਪੰਪ ਦੇ ਹਿੱਸੇਦਾਰ ਮਾਲਕ ਦਵਿੰਦਰ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਸਵੇਰ ਤੋਂ ਹੀ ਟਰੈਕਟਰ ਟਰਾਲੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ 12 ਹਜ਼ਾਰ ਲਿਟਰ ਵਾਲੀ ਗੱਡੀ ਆਉਂਦਿਆਂ ਹੀ ਖਾਲੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਡੀਜ਼ਲ ਵਾਲੀ ਕਤਾਰ ਵੱਖਰੀ ਲਗਾਈ ਹੋਈ ਹੈ ਤਾਂ ਕਿ ਪੰਪ ਤੋਂ ਪੈਟਰੋਲ ਪਵਾਉਣ ਆਏ ਗ੍ਰਾਹਕਾਂ ਨੂੰ ਕੋਈ ਸਮੱਸਿਆ ਦਰਪੇਸ਼ ਨਾ ਆਵੇ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ’ਚ ਵੀ ਡੀਜ਼ਲ ਤੇ ਪੈਟੋਰਲ ਮਹਿੰਗਾ ਜਾਂ ਖਤਮ ਹੋਣ ਦੀ ਅਫਵਾਹਾਂ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਡੀਜ਼ਲ ਮਹਿੰਗਾ ਜਾ ਖਤਮ ਹੋਣ ਦੇ ਡਰੋਂ ਕਿਸਾਨ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਜਮ੍ਹਾਂਖੋਰੀ ਕਰਨ ਲਈ ਟਰੈਕਟਰ-ਟਰਾਲੀਆਂ ’ਤੇ ਵੱਡੀ ਗਿਣਤੀ ਡਰੰਮ ਰੱਖ ਕੇ ਪੈਟਰੋਲ ਪੰਪਾਂ ਤੋਂ ਤੇਲ ਭਰਵਾ ਰਹੇ ਹਨ। ਇਸ ਖੇਤਰ ਵਿੱਚੋਂ ਗੁਜ਼ਰਦੇ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਹਾਈਵੇਅ ਦੇ ਪੈਟਰੋਲ ਪੰਪ ’ਤੇ ਦੇਖਣ ਨੂੰ ਮਿਲਿਆ ਕਿ ਇੱਕ-ਇੱਕ ਕਿਸਾਨ 5-5 ਜਾਂ ਇਸ ਤੋਂ ਵੱਧ ਡਰੰਮ ਡੀਜ਼ਲ ਦੇ ਭਰਵਾ ਕੇ ਜਮ੍ਹਾਂ ਕਰਨ ਲਈ ਲੈ ਕੇ ਜਾ ਰਹੇ ਹਨ। ਇੱਥੋਂ ਡੀਜ਼ਲ ਭਰਵਾ ਰਹੇ ਰਵਿੰਦਰ ਸਿੰਘ, ਕਰਮਜੀਤ ਸਿੰਘ ਵਾਸੀ ਸਿੱਲਕੱਪੜਾ ਤੇ ਸੁਦਾਗਰ ਸਿੰਘ ਵਾਸੀ ਨਨਿਉਲਾ ਨੇ ਦੱਸਿਆ ਕਿ ਭਾਵੇਂ ਅਜੇ ਉਨ੍ਹਾਂ ਨੂੰ ਹਾੜੀ ਦੀ ਫਸਲ ਸਾਂਭਣ ਲਈ ਇੱਕ ਮਹੀਨੇ ਬਾਅਦ ਡੀਜ਼ਲ ਦੀ ਜ਼ਰੂਰਤ ਹੈ ਪ੍ਰੰਤੂ ਉਹ ਕਿਸੇ ਮੁਸ਼ਕਲ ਤੋਂ ਬਚਣ ਲਈ ਅਗਾਊਂ ਤੌਰ ’ਤੇ ਡੀਜ਼ਲ ਲੈਣ ਆਏ ਹਨ। ਸ਼ੰਭੂ ਹਾਈਵੇਅ ਸਰਵਿਸਿਜ਼ ਪੈਟਰੋਲ ਪੰਪ ਦੇ ਮਾਲਕ ਗੁਰਬਚਨ ਸਿੰਘ ਨਾਮਧਾਰੀ ਦਾ ਕਹਿਣਾ ਸੀ ਕਿ ਦੋ ਦਿਨ ਪਹਿਲਾਂ ਤੱਕ ਉਨ੍ਹਾਂ ਦੇ ਪੰਪ ਤੋਂ ਰੋਜ਼ਾਨਾ ਕੇਵਲ 40 ਹਜ਼ਾਰ ਲਿਟਰ ਡੀਜ਼ਲ ਵਿਕਦਾ ਸੀ ਜੋ 50 ਫੀਸਦੀ ਵਾਧੇ ਨਾਲ 60 ਹਜ਼ਾਰ ਲਿਟਰ ’ਤੇ ਪਹੁੰਚ ਗਿਆ ਹੈ।