ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਜਨਵਰੀ
ਸੀ.ਪੀ.ਆਈ. (ਐੱਮ.ਐੱਲ). ਲਬਿਰੇਸ਼ਨ ਜ਼ਿਲ੍ਹਾ ਸੰਗਰੂਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇਗੀ। ਤਿੰਨੋਂ ਹਲਕਿਆਂ ਧੂਰੀ ਵਿਧਾਨ ਸਭਾ ਹਲਕੇ ਤੋਂ ਹਰਪ੍ਰੀਤ ਸਿੰਘ ਘਰਾਟ, ਸੁਨਾਮ ਹਲਕੇ ਤੋਂ ਹਰਭਗਵਾਨ ਭੀਖੀ ਅਤੇ ਦਿੜ੍ਹਬਾ ਹਲਕੇ ਤੋਂ ਗੋਬਿੰਦ ਸਿੰਘ ਛਾਜਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਹ ਜਾਣਕਾਰੀ ਸੀਪੀਆਈ (ਐਮਐਲ) ਲਬਿਰੇਸ਼ਨ ਦੇ ਆਗੂ ਗੋਬਿੰਦ ਸਿੰਘ ਛਾਜਲੀ ਨੇ ਸਥਾਨਕ ਹਿੰਮਤ ਸਿੰਘ ਧਰਮਸ਼ਾਲਾ ਵਿੱਚ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਦਿੱਤੀ। ਛਾਜਲੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਦੋਂ ਕਿ ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਮਨੋਂ ਵਿਸਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਪੀਆਈ (ਐੱਮਐੱਲ) ਲਬਿਰੇਸ਼ਨ ਵੱਲੋਂ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਲੈ ਕੇ ਚੋਣਾਂ ਲੜੀਆਂ ਜਾਣਗੀਆਂ। ਜਿਹੜੇ ਵੀ ਵਾਅਦੇ ਲੋਕਾਂ ਨਾਲ ਕੀਤੇ ਜਾਣਗੇ, ਉਹਨ੍ਹਾਂ ਵਾਅਦਿਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ਮੀਟਿੰਗ ’ਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਪ੍ਰੇਮ ਸਿੰਘ ਖਡਿਆਲੀ, ਬਿੱਟੂ ਸਿੰਘ ਖੋਖਰ, ਹਰਪ੍ਰੀਤ ਸਿੰਘ ਘਰਾਟ, ਸਵਰਨ ਸਿੰਘ ਭਵਾਨੀਗੜ੍ਹ, ਜਸਪਾਲ ਕੌਰ ਜਖੇਪਲ, ਮਨਜੀਤ ਕੌਰ ਆਲੋਅਰਖ, ਰਾਣੀ ਕੌਰ ਸੁਨਾਮ, ਅਨੀਤਾ ਰਾਣੀ, ਪਾਲੀ ਸਿੰਘ ਜੇਜੀਆਂ, ਜਸਵਿੰਦਰ ਕੌਰ ਭੱਟੀਵਾਲ ਆਦਿ ਸਰਗਰਮ ਵਰਕਰ ਵੀ ਸ਼ਾਮਲ ਸਨ।