ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਮਈ
ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੀਆਂ ਮੰਗਾਂ ਸਬੰਧੀ ਬਣੀ ਐਕਸ਼ਨ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਅੱਠ ਦਿਨਾਂ ਤੋਂ ਦਿਨ ਰਾਤ ਦਾ ਪੱਕਾ ਧਰਨਾ ਐੱਸਡੀਐੱਮ ਦਫ਼ਤਰ ’ਚ ਲਾਈ ਬੈਠੇ ਕਿਸਾਨਾਂ ਤੇ ਕਾਲਜ ਕਰਮਚਾਰੀਆਂ ਨੇ ਅੱਜ ਬਾਜ਼ਾਰ ’ਚ ਆਪ ਦੇ ਵਿਧਾਇਕ ਬਰਿੰਦਰ ਗੋਇਲ ਖ਼ਿਲਾਫ਼ ਜਲੂਸ ਕੱਢਿਆ। ਜਥੇਬੰਦੀ ਤੇ ਬੀਕੇਯੂ ਆਗੂਆਂ ਨੇ ਕਿਹਾ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਕਰਮਚਾਰੀ 36 ਮਹੀਨਿਆਂ ਤੋਂ ਤਨਖਾਹ ਮਿਲਣ ਲਈ ਤਰਸ ਰਹੇ ਹਨ। ਕਾਲਜ ਦੇ ਕਲਰਕ ਦਵਿੰਦਰ ਸਿੰਘ ਨੇ ਇਸ ਕਾਰਨ ਖ਼ੁਦਕੁਸ਼ੀ ਵੀ ਕਰ ਲਈ। ਹਲਕਾ ਵਿਧਾਇਕ ਬਰਿੰਦਰ ਗੋਇਲ ਤੇ ਐੱਸਡੀਐੰਮ ਨਵਰੀਤ ਕੌਰ ਸੇਖੋਂ ਨੇ ਖ਼ੁਦਕੁਸ਼ੀ ਪੀੜਤ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਮਹੀਨਾ ਲੰਘਣ ਦੇ ਬਾਵਜੂਦ ਇਹ ਪੂਰਾ ਨਹੀਂ ਕੀਤਾ। ਇਸ ਮੌਕੇ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਰਾਜ ਕੁਮਾਰ ਤੇ ਕਮਲ ਕਾਂਤ ਨੇ ਸੰਬੋਧਨ ਕੀਤਾ।