ਸ਼ੇਰਪੁਰ: ਇੱਥੇ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਕੋਰ ਕਮੇਟੀ ਮੈਂਬਰ ਦਲਵੀਰ ਸਿੰਘ ਢਿੱਲੋਂ, ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪੁੰਨੂੰ ਕਾਤਰੋਂ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਦਿਆਲ ਸਿੰਘ ਅਤੇ ਬੀਪੀਈਓ ਸ਼ੇਰਪੁਰ ਗੁਰਮੀਤ ਸਿੰਘ ਈਸਾਪੁਰ ਨੇ ਸਾਂਝੇ ਤੌਰ ਤੇ ਪ੍ਰੀ-ਪ੍ਰਾਇਮਰੀ ਤੋਂ 12 ਤੱਕ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਮੁਨਾਦੀ ਮੁਹਿੰਮ ਲਈ ਪਿੰਡਾਂ ਵੱਲ ਫਲੈਕਸਾਂ ਲੱਗੇ ਵਹੀਕਲ ਰਵਾਨਾ ਕੀਤੇ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ ਈਸਾਪੁਰ ਦੀ ਅਗਵਾਈ ਹੇਠ ਅੱਜ ਬੀਪੀਈਓ ਦਫ਼ਤਰ ਵਿੱਚ ਵਿਸ਼ੇਸ਼ ਮੀਟਿੰਗ ਕਰਕੇ ਬਲਾਕ ਦੇ ਸੈਂਟਰ ਮੁਖੀਆਂ, ਮੁੱਖ ਅਧਿਆਪਕਾਂ ਤੇ ਹੋਰਨਾ ਨੂੰ ਕੁੱਲ 38 ਸਕੂਲਾਂ ਵਿੱਚੋਂ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚੋਂ ਦਾਖਲਾ ਵਧਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਅਲੀਪੁਰ, ਸਰਪੰਚ ਗੁਰਦੀਪ ਸੁਲਤਾਨਪੁਰ, ਸਰਪੰਚ ਮਨਪ੍ਰੀਤ ਸਿੰਘ ਬਧੇਸ਼ਾ ਹਾਜ਼ਰ ਸਨ। -ਪੱਤਰ ਪ੍ਰੇਰਕ