ਨਿੱਜੀ ਪੱਤਰ ਪ੍ਰੇਰਕ
ਧੂਰੀ, 25 ਮਈ
ਹਲਕੇ ਦੇ ਪਿੰਡ ਬਰੜ੍ਹਵਾਲ, ਮੀਮਸਾ ਭਲਵਾਨ, ਧੂਰਾ, ਭੁੱਲਰਹੇੜੀ ਅਤੇ ਹੋਰ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦਾ ਹਰੇਕ ਵਰਗ ਦੁਖੀ ਹੈ। ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਨਕਾਰਦਿਆਂ ਉਸ ਨੂੰ ਉਸ ਦਾ ਅਸਲੀ ਚਿਹਰਾ ਦਿਖਾਉਣਗੇ। ਇਸ ਮੌਕੇ ਧੂਰੀ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਚੇਅਰਪਰਸਨ ਦੇ ਪਤੀ ਜਗਤਾਰ ਸਿੰਘ ਤਾਰਾ ਬੇਨੜਾ, ਟਕਸਾਲੀ ਕਾਂਗਰਸੀ ਆਗੂ ਗੁਰਬਖਸ਼ ਸਿੰਘ ਗੁੱਡੂ, ਹੰਸਰਾਜ ਗੁਪਤਾ, ਸੂਭਮ ਸ਼ਰਮਾ ਸੂਭੀ, ਸਰਪੰਚ ਗੂਰਪਿਆਰ ਸਿੰਘ ਧੂਰਾ, ਸਰਪੰਚ ਮਿੱਠੂ ਲੱਡਾ, ਨੰਬਰਦਾਰ ਗੁਰਚਰਨ ਸਿੰਘ ਈਸੜਾ ਹਾਜ਼ਰ ਸਨ।
‘ਕੇਂਦਰ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ’
ਧੂਰੀ (ਖੇਤਰੀ ਪ੍ਰਤੀਨਿਧ): ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸੱਚ ਤੇ ਝੂਠ ਦੀ ਲੜਾਈ ਚੱਲ ਰਹੀ ਹੈ। ਇੱਕ ਪਾਸੇ ਕਾਂਗਰਸ ਪਾਰਟੀ ਹੈ ਜਿਸ ਨੇ ਪੰਜਾਬ ਲਈ ਹਰ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਨੂੰ ਤਰੱਕੀ ਵੱਲ ਲਿਜਾਇਆ ਹੈ, ਦੂਜੇ ਪਾਸੇ ਪੰਜਾਬ ਅੰਦਰ ਮੌਜੂਦਾ ‘ਆਪ’ ਸਰਕਾਰ ਦਾ ਝੂਠਾ ਪ੍ਰਚਾਰ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ, ਵਪਾਰੀਆ ਤੇ ਆਮ ਲੋਕਾਂ ਲਈ ਕੁਝ ਨਹੀਂ ਕੀਤਾ ਸਿਰਫ ਦੇਸ਼ ਦੇ ਵੱਡੇ ਪਰਿਵਾਰਾਂ ਦਾ ਢਿੱਡ ਭਰਿਆ ਹੈ। ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਨੇ ਕਿਹਾ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ।