ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 30 ਜੁਲਾਈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਖੇਤਲਾ ਵਿੱਚ ਡਰੋਨ ਜ਼ਰੀਏ ਜ਼ਮੀਨ ਮੈਪਿੰਗ ਸ਼ੁਰੂ ਕਰਵਾ ਕੇ ਸਬ-ਡਿਵੀਜ਼ਨ ਦਿੜ੍ਹਬਾ ਵਿੱਚ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਰਸਮੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜ੍ਹਬਾ ਸਬ-ਡਿਵੀਜ਼ਨ ਦੇ ਪਿੰਡਾਂ ਵਿੱਚ ਲਾਲ ਲਕੀਰ ਦੇ ਘੇਰੇ ਵਿਚ ਆਉਂਦੇ ਘਰਾਂ ਦੇ ਮਾਲਕਾਨਾ ਹੱਕ ਦੇਣ ਦੀ ਪ੍ਰਕਿਰਿਆ ਤਹਿਤ ਨਿਸ਼ਾਨਦੇਹੀ ਕਰਾਉਣ ਉਪਰੰਤ ਡਰੋਨ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਬਣਨ ਵਾਲੇ ਨਕਸ਼ਿਆਂ ਦੇ ਆਧਾਰ ਉੱਤੇ ਡੋਰ-ਟੂ-ਡੋਰ ਸਰਵੇਖਣ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਜਨਤਕ ਤੌਰ ’ਤੇ ਇਤਰਾਜ਼ ਮੰਗੇ ਜਾਣਗੇ ਅਤੇ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਘਰਾਂ ਦੇ ਮਾਲਕਾਂ ਨੂੰ ਸਰਟੀਫਿਕੇਟ ਦੇ ਕੇ ਮਾਲਕਾਨਾ ਹੱਕ ਦਿੱਤੇ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਜਦੋਂ ਵੀ ਕੋਈ ਸਬੰਧਿਤ ਅਧਿਕਾਰੀ ਮਾਲਕਾਨਾ ਹੱਕ ਮੁਹੱਈਆ ਕਰਵਾਉਣ ਸਬੰਧੀ ਪਿੰਡਾਂ ਵਿੱਚ ਵੱਖ-ਵੱਖ ਵੇਰਵੇ ਪ੍ਰਾਪਤ ਕਰਨ ਲਈ ਆਉਂਦਾ ਹੈ ਤਾਂ ਅਧਿਕਾਰੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਦੇ ਮਾਲਕਾਨਾ ਹੱਕ ਮਿਲਣ ਨਾਲ ਪਿੰਡਾਂ ਦੇ ਲੋਕ ਸੰਪਤੀ ਆਧਾਰਿਤ ਵੱਖ-ਵੱਖ ਤਰ੍ਹਾਂ ਦੇ ਵਿੱਤੀ ਲਾਭ ਜਿਵੇਂ ਜ਼ਰੂਰਤਾਂ ਲਈ ਕਰਜ਼ਾ ਆਦਿ ਵੀ ਲੈ ਸਕਣਗੇ।