ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਲਹਿਰਾਗਾਗਾ-ਪਾਤੜਾਂ ਰੋਡ ’ਤੇ ਜਲੂਰ ਨੇੜੇ ਵਰਵਿਊ ਕੰਪਨੀ ਭੁਟਾਲ ਕਲਾਂ ਦੇ ਮੈਨੇਜਰ ਵੱਲੋਂ ਕਥਿਤ ਅਪਸ਼ਬਦ ਬੋਲਣ ਖਿਲਾਫ ਜਥੇਬੰਦੀ ਦੇ ਬਲਾਕ ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਦੀ ਅਗਵਾਈ ਹੇਠ ਧਰਨਾ ਸ਼ੁਰੂ ਕੀਤਾ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋਈ। ਕਿਸਾਨਾਂ ਨੇ ਫੈਕਟਰੀ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਇਸ ਫੈਕਟਰੀ ਵਿੱਚ ਸਟੋਰ ਕੀਤੀ ਪਰਾਲੀ ਨੂੰ ਕਈ ਦਿਨ ਪਹਿਲਾਂ ਅੱਗ ਲੱਗ ਗਈ ਸੀ ਜੋ ਬੁਝੀ ਨਹੀਂ। ਇਸ ਬਾਰੇ ਕਿਸਾਨ ਗੱਲਬਾਤ ਕਰਨ ਲਈ ਕੰਪਨੀ ਵਿੱਚ ਗਏ ਤਾਂ ਮੈਨੇਜਰ ਹਰਦੀਪ ਸਿੰਘ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਹਰੇ ਰੰਗ ਦੀ ਦਸਤਾਰ ਸਬੰਧੀ ਵੀ ਕਥਿਤ ਅਪਸ਼ਬਦ ਬੋਲੇ। ਉਧਰ ਵਰਵਿਓ ਕੰਪਨੀ ਦੇ ਮੈਨੇਜਰ ਹਰਦੀਪ ਸਿੰਘ ਨੇ ਦੋਸ਼ਾਂ ਨੂੰ ਨਿਰਾਧਾਰ ਦੱਸਦਿਆਂ ਕਿਹਾ ਕਿ ਕੰਪਨੀ ਜਥੇਬੰਦੀ ਦਾ ਸਤਿਕਾਰ ਕਰਦੀ ਹੈ ਅਤੇ ਉਹ ਨਾਰਾਜ਼ਗੀ ਦੀ ਵਜ੍ਹਾ ਤੋਂ ਅਣਜਾਣ ਹਨ ਪਰ ਵਾਤਾਵਰਣ ਸਬੰਧੀ ਗੱਲਬਾਤ ਕਰਕੇ ਮਸਲਾ ਹੱਲ ਕਰਨ ਨੂੰ ਤਿਆਰ ਹਨ।