ਬੀਰਬਲ ਰਿਸ਼ੀ
ਸ਼ੇਰਪੁਰ, 11 ਸਤੰਬਰ
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਪਦਮ ਸ੍ਰੀ ਹਰਵਿੰਦਰ ਸਿੰਘ ਫੂਲਕਾ ਤੇ ਪੰਜਾਬ ਖੇਤੀਵਾੜੀ ਯੂਨੀਵਰਸਿਟੀ ਨਾਲ ਸਬੰਧਤ ਸੇਵਾਮੁਕਤ ਡਾਕਟਰ ਅਵਤਾਰ ਸਿੰਘ ਫਗਵਾੜਾ ਖੇਤੀਵਾੜੀ ਨੂੰ ਮੁਨਾਫੇ ਵਾਲਾ ਧੰਦਾ ਬਣਾਏ ਜਾਣ ਲਈ ਬਿਨਾਂ ਕਿਸੇ ਰਾਜਸੀ ਜਾਂ ਆਰਥਿਕ ਲਾਹੇ ਦੇ ਕਿਸਾਨੀ ਦੇ ਝੰਡਾ ਬਰਦਾਰ ਬਣ ਕੇ ਤੁਰੇ ਹਨ। ਸ਼ੇਰਪੁਰ ਨੇੜਲੇ ਪਿੰਡ ਕਾਲਾਬੂਲਾ ਵਿਖੇ ਕਿਸਾਨੀ ਦੀਆਂ ਮੁੱਖ ਫਸਲਾਂ, ਕਮਾਦ, ਝੋਨਾ ਤੇ ਕਣਕ ਦਾ ਕੁਦਰਤੀਕਰਨ ਕਰਨ, ਇੱਕੋ ਸਮੇਂ ਇੱਕ ਮੁੱਖ ਨਾਲ ਕੁੱਝ ਹੋਰ ਸਹਾਇਕ ਫਸਲਾਂ ਬੀਜ ਕੇ ਖੇਤੀ ਤੋਂ ਖੂਬ ਮੁਨਾਫ਼ਾ ਕਮਾਉਣ ਲਈ ਖੇਤੀ ਦਾ ਫਗਵਾੜਾ ਮਾਡਲ ਆਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ‘ਕਿਸਾਨ ਸਤਸੰਗ’ ਦੇ ਨਾਮ ਹੇਠ ਪਿੰਡ ਕਾਲਾਬੂਲਾ ਦੇ ਉੱਦਮੀ ਤੇ ਉਤਸ਼ਾਹੀ ਨੌਜਵਾਨ ਗੁਰਪ੍ਰੀਤ ਸਿੰਘ ਦੇ ਪ੍ਰਬੰਧਾਂ ਹੇਠ ਉਸ ਦੇ ਖੇਤ ਵਿੱਚ ਕਰਵਾਏ ਸਮਾਗਮ ਵਿੱਚ ਸੈਂਕੜੇ ਕਿਸਾਨਾਂ ਨੇ ਫਸਲਾਂ ਨੂੰ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਵੱਲ ਲਿਜਾਣ ਸਬੰਧੀ ਇਸ ਕਿਸਾਨ ਸਤਸੰਗ ਦਾ ਲਾਹਾ ਲਿਆ। ਡਾਕਟਰ ਫਗਵਾੜਾ ਨੇ ਦੱਸਿਆ ਕਿ ਗੰਨੇ ਦੀ ਫਸਲ ਨੂੰ ਬੈੱਡ ਬਣਾ ਕੇ ਬੀਜਿਆ ਜਾਵੇ। ਇਸ ਫਸਲ ਨਾਲ 70 ਦਿਨਾਂ ਵਿੱਚ ਸਿਮਟ ਜਾਣ ਵਾਲੀਆਂ ਫਸਲਾਂ ਖੀਰਾ, ਪਿਆਜ, ਗੋਭੀ, ਅਗਲੀ ਟਰਮ ਵਿੱਚ ਬਰੌਕਲੀ, ਬੰਦ ਗੋਭੀ, ਮਾੜੂ ਪੇਠਾ ਜਦੋਂ ਤੀਜੇ ਟਰਮ ਵਿੱਚ ਮਿਰਚ, ਬਤਾਊਂ ਤੇ ਭਰਿੰਡੀ ਆਦਿ ਫਸਲਾਂ ਬੀਜੀਆਂ ਜਾ ਸਕਦੀਆਂ ਹਨ।। ਕਣਕ ਦੀ ਫਸਲ ਨਾਲ ਵੀ ਸਹਿਯੋਗੀ ਫਸਲਾਂ ਬੀਜਕੇ ਮੁਨਾਫ਼ਾ ਲੈਣ ਲਈ ਪ੍ਰੇਰਿਆ। ਵਕੀਲ ਐਚਐਸ ਫੂਲਕਾ ਨੇ ਦਾਅਵਾ ਕੀਤਾ ਕਿ ਜੇਕਰ ਲੋਕ ਫਗਵਾੜਾ ਮਾਡਲ ਵਿਧੀ ਅਪਣਾਉਣਗੇ ਤਾਂ ਯਕੀਨਨ ਉਹ ਬੈਂਕਾਂ ਵਿੱਚ ਲਿਮਟ ਕਰਵਾਉਣ ਪੈਸੇ ਜਮ੍ਹਾਂ ਕਰਵਾਉਣ ਨਹੀਂ ਜਾਣਗੇ। ਉੱਦਮੀ ਕਿਸਾਨ ਗੁਰਪ੍ਰੀਤ ਸਿੰਘ ਕਾਲਾਬੂਲਾ ਨੇ ਇਸ ਵਿਧੀ ਨੂੰ ਸਫ਼ਲ ਦੱਸਿਆ।