ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ,10 ਦਸੰਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੁਸਾਇਟੀ ਸਰੌਦ ਵੱਲੋਂ ਹਰ ਸਾਲ ਕਰਵਾਈ ਜਾਂਦੀ ਵਿਰਾਸਤ ਏ ਸਭਾ ਦੀ ਲੜੀ ਤਹਿਤ ਐਤਕੀਂ ਵੀ ਕਵੀਸ਼ਰੀ ਕਲਾ ਨੂੰ ਜਿਊਂਦਾ ਰੱਖਣ ਦੇ ਉਪਰਾਲੇ ਵਜੋਂ ਸੁਸਾਇਟੀ ਨੇ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਰਹਿਨੁਮਾਈ ਹੇਠ ਵਿਰਾਸਤ ਏ ਸਭਾ ਕਰਵਾਈ ਗਈ। ਸਭਾ ਦੇ ਪਹਿਲੇ ਦਿਨ ਮੁੱਖ ਗ੍ਰੰਥੀ ਬਾਬਾ ਇਕਬਾਲ ਸਿੰਘ ਵੱਲੋਂ ਅਰਦਾਸ ਉਪਰੰਤ ਬੰਤ ਸਿੰਘ ਜਖੇਪਲ , ਪੰਡਤ ਸੋਮਨਾਥ ਰੋਡੇ ਅਤੇ ਦੂਜੇ ਦਿਨ ਗੁਰਜੀਤ ਸਿੰਘ ਮੰਡੇਰ , ਕੁਲਵੰਤ ਸਿੰਘ ਮਾਣੂੰਕੇ ਤੇ ਜਗਤਾਰ ਸਿੰਘ ਧਾਂਦਰਾ ਤੋਂ ਇਲਾਵਾ ਕੁਲਦੀਪ ਸਿੰਘ ਚੱਠਾ ਅਤੇ ਬਾਪੂ ਮੇਵਾ ਸਿੰਘ ਪਾਲੀਆ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਇਸ ਮੌਕੇ ਕਵੀਸ਼ਰੀ ਕਲਾ ਦੇ ਬਾਬਾ ਬੋਹੜ ਮੱਘਰ ਸਿੰਘ ਬਰੜਵਾਲ ਨੂੰ ਕਵੀਸ਼ਰ ਨਾਜਰ ਸਿੰਘ ਯਾਦਗਾਰੀ ਐਵਾਰਡ ਦੇ ਕੇ ਸਨਮਾਨਤ ਕੀਤਾ ਅਤੇ ਢਾਡੀ ਬਲਿਹਾਰ ਸਿੰਘ ਢੀਂਡਸਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ । ਸਭਾ ਵੱਲੋਂ ਲੋੜਵੰਦਾਂ ਨੂੰ ਗਰਮ ਕੱਪੜੇ ਵੀ ਵੰਡੇ ਗਏ। ਇਸ ਮੌਕੇ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ , ਜਥੇਦਾਰ ਜੈਪਾਲ ਸਿੰਘ ਮੰਡੀਆਂ , ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ , ਇੰਜਨੀਅਰ. ਮਨਵਿੰਦਰ ਸਿੰਘ ਗਿਆਸਪੁਰਾ ਹਾਜ਼ਰ ਸਨ।