ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਮਈ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ, ਸਕੱਤਰ ਆਰ.ਟੀ.ਏ ਤੇ ਟਰੈਫਿਕ ਪੁਲੀਸ ਨੂੰ ਹਦਾਇਤ ਕੀਤੀ ਹੈ ਕਿ ਸੜਕ ਹਾਦਸਿਆਂ ਦੀ ਦਰ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾਵੇ। ਇਸੇ ਤਹਿਤ ਅੱਜ ਸਕੱਤਰ ਆਰਟੀਏ ਸੰਗਰੂਰ ਕਰਨਬੀਰ ਸਿੰਘ ਛੀਨਾ ਵੱਲੋਂ ਪੀਆਰਟੀਸੀ ਦੀ ਬੱਸ ਦਾ ਚਲਾਨ ਕੀਤਾ ਗਿਆ ਜੋ ਕਿ ਸਵਾਰੀਆਂ ਲੈਣ ਲਈ ਬੱਸ ਸਟੈਂਡ ਸੰਗਰੂਰ ਦੇ ਬਾਹਰ ਉਲਟ ਦਿਸ਼ਾ ਵਿਚ ਖੜ੍ਹੀ ਕੀਤੀ ਗਈ ਸੀ। ਸਕੱਤਰ ਆਰਟੀਏ ਸ੍ਰੀ ਛੀਨਾ ਨੇ ਦੱਸਿਆ ਕਿ ਕਈ ਵਾਰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਸਵਾਰੀ ਲੈਣ ਲਈ ਬੱਸ ਅੱਡਿਆਂ ਦੇ ਅੰਦਰ ਜਾਣ ਦੀ ਬਜਾਏ ਬੱਸ ਅੱਡਿਆਂ ਦੇ ਬਾਹਰ ਹੀ ਗਲਤ ਪਾਸੇ ਬੱਸਾਂ ਖੜ੍ਹੀਆਂ ਕਰ ਲੈਂਦੇ ਹਨ, ਜਿਸ ਕਾਰਨ ਸੜਕ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਚ ਅਦਾਲਤ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਿਥੇ ਸੇਫ ਵਾਹਨ ਪਾਲਸੀ ਤਹਿਤ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਸਮੇਤ ਹੋਰ ਵਾਹਨਾਂ ਦੀ ਚੈਕਿੰਗ ਕਰਕੇ ਕਮੀਆਂ ਸਾਹਮਣੇ ਆਉਣ ਉਤੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਵਾਹਨ ਚਾਲਕਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।