ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ’ਚ ਅੱਜ ਕਿਸਾਨ ਆਗੂਆਂ ਵਲੋਂ ਪੰਜਾਬ ਦੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਕਿਸਾਨ ਅੰਦੋਲਨ ਦੀ ਜਿੱਤ ਲਈ ਵਹੀਰਾਂ ਘੱਤ ਕੇ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਕਰਨ ਅਤੇ ਦਿੱਲੀ ਦੇ ਬਾਰਡਰਾਂ ’ਤੇ 23 ਮਾਰਚ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜੇ ’ਤੇ ਬਸੰਤੀ ਰੰਗ ਦੀਆਂ ਪੱਗਾਂ ਅਤੇ ਚੁੰਨੀਆਂ ਲੈ ਕੇ ਪੁੱਜਣ ਦਾ ਸੱਦਾ ਦਿੱਤਾ ਹੈ।
ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ਨੇੜੇ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਪੱਕੇ ਮੋਰਚੇ ਲਗਾਤਾਰ ਜਾਰੀ ਹਨ। ਨਿੱਤ ਦਿਨ ਵੱਡੀ ਤਾਦਾਦ ’ਚ ਕਿਸਾਨ ਬੀਬੀਆਂ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਇਨ੍ਹਾਂ ਮੋਰਚਿਆਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦੀਆਂ ਹਨ। ਇਨ੍ਹਾਂ ਧਰਨਿਆਂ ਵਿਚ ਵੱਖ-ਵੱਖ ਕਿਸਾਨ ਆਗੂਆਂ ਸੁਖਦੇਵ ਸਿੰਘ ਉਭਾਵਾਲ, ਰਾਮ ਸਿੰਘ ਸੋਹੀਆਂ, ਡਾ. ਅਮਨਦੀਪ ਕੌਰ, ਡਾ. ਹਰਪ੍ਰੀਤ ਕੌਰ ਖਾਲਸਾ, ਰੋਹੀ ਸਿੰਘ ਮੰਗਵਾਲ, ਲੱਖਮੀ ਚੰਦ, ਜਰਨੈਲ ਸਿੰਘ ਜਹਾਂਗੀਰ, ਗੱਜਣ ਸਿੰਘ ਲੱਡੀ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ਦੌਰਾਨ ਕਰਮਜੀਤ ਸਿੰਘ ਮੰਗਵਾਲ, ਲਾਭ ਸਿੰਘ ਖੁਰਾਣਾ, ਗੁਰਦੀਪ ਸਿੰਘ ਕੰਮੋਮਾਜਰਾ, ਹਰਦੇਵ ਸਿੰਘ, ਰਣਜੀਤ ਸਿੰਘ, ਕਿਸਾਨ ਬੀਬੀ ਚਰਨਜੀਤ ਕੌਰ, ਸੁਰਜੀਤ ਕੌਰ ਅਤੇ ਗੁਰਮੇਲ ਕੌਰ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਜ਼ਿੱਦ ਅਤੇ ਦੇਸ਼ ਦੇ ਅੰਨਦਾਤਾ ਪ੍ਰਤੀ ਮਾੜਾ ਰਵੱਈਆ ਬੇਹੱਦ ਨਿੰਦਣਯੋਗ ਹੈ ਜਿਸਦੀ ਦੁਨੀਆਂ ਭਰ ਵਿਚ ਨਿੰਦਾ ਹੋ ਰਹੀ ਹੈ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਨੇੜਲੇ ਪਿੰਡ ਖਾਨਪੁਰ ਫਕੀਰਾਂ ਵਿਖੇ ਪਿੰਡ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜਥੇਬੰਦੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਵਿੱਚ ਝੰਡਾ ਮਾਰਚ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤ’ੇ ਚੱਲ ਕੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਦੇ ਹੱਕ ਵਿੱਚ ਲੋਕ ਲਹਿਰ ਚਲਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਹੀ ਕਿਸਾਨਾਂ ਤੇ ਕਿਸਾਨ ਔਰਤਾਂ ਨੇ ਮੋਦੀ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ, ਸੁਰਜੀਤ ਸਿੰਘ, ਲਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਪਿੰਡ ਖਾਨਪੁਰ ਫਕੀਰਾਂ ਦੇ ਕਿਸਾਨਾਂ ਵੱਲੋਂ ਜਿੱਥੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਂਦੀ ਹੈ, ਉੱਥੇ ਕਿਸਾਨ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਲਈ ਪਿੰਡ ਵਾਸੀਆਂ ਦਾ ਵੱਡਾ ਸਹਿਯੋਗ ਹੈ।
ਕੁੱਪ ਕਲਾਂ ਤੋਂ ਔਰਤਾਂ ਦਾ ਜਥਾ ਦਿੱਲੀ ਰਵਾਨਾ
ਕੁੱਪ ਕਲਾਂ (ਡਾ. ਕੁਲਵਿੰਦਰ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਅਹਿਮਦਗੜ੍ਹ ਇਕਾਈ ਅਕਬਰਪੁਰ ਛੰਨਾ, ਜੋਗੀਮਾਜਰਾ ਅਤੇ ਬੋਹੜਹਾਈ ਖੁਰਦ ਤੋਂ 55 ਔਰਤਾਂ ਦਾ ਜਥਾ 23 ਮਾਰਚ ਨੂੰ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਲੰਗਰ ਤਿਆਰ ਕਰਨ ਲਈ ਡਾ. ਰੁਪਿੰਦਰ ਸਿੰਘ ਅਤੇ ਹਰਜੀਤ ਸਿੰਘ ਦੀ ਅਗਵਾਈ ਵਿਚ ਰਵਾਨਾ ਹੋਇਆ। ਜਾਣਕਾਰੀ ਦਿੰਦੇ ਰਸ਼ਪਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਜਸਵਿੰਦਰ ਕੌਰ, ਪਰਮਿੰਦਰ ਕੌਰ, ਬਲਜੀਤ ਕੌਰ, ਮਨਜੀਤ ਕੌਰ, ਹਰਮੀਤ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਗੁਰਦੀਪ ਕੌਰ, ਨਿਰਮਲਜੀਤ ਕੌਰ ਔਰਤਾਂ ਦਾ ਜਥਾ ਪਿੰਡ ਜੋਗੀਮਾਜਰਾ ਤੋਂ ਕਿਸਾਨੀ ਸੰਘਰਸ਼ ਦਿੱਲੀ ਲਈ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ, ਕਾਰਪੋਰੇਟ ਘਰਾਣੇ ਮੁਰਦਾਬਾਦ ਦੇ ਨਾਅਰਿਆਂ ਨਾਲ ਟਰੱਕ ਵਿੱਚ ਰਵਾਨਾ ਹੋਇਆ ਅਤੇ ਜੋ ਸਭ ਤੋਂ ਪਹਿਲਾਂ ਅੱਜ ਕਿਸਾਨੀ ਸੰਘਰਸ਼ ਸੁਨਾਮ ਵਿਖੇ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਲਗਵਾ ਕੇ ਦਿੱਲੀ ਰਵਾਨਾ ਹੋਣਗੇ। ਬੀਬੀ ਪਰਮਿੰਦਰ ਕੌਰ ਨੇ ਆਖਿਆ ਕਿ ਕੀ ਭਾਰਤੀ ਕਿਸਾਨ ਯੂਨੀਅਨ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਸ਼ਮੂਲੀਅਤ ਕਰਨਗੇ ਜਿਨ੍ਹਾਂ ਨੂੰ ਲੰਗਰ-ਪਾਣੀ ਤਿਆਰ ਕਰਨ ਲਈ ਵੱਡੀ ਗਿਣਤੀ ਵਿੱਚ ਔਰਤਾਂ ਦਾ ਪਹੁੰਚਣਾ ਵੀ ਜ਼ਰੂਰੀ ਹੈ ਤਾਂ ਜੋ ਕੋਈ ਵੀ ਸੰਘਰਸ਼ ’ਚ ਸ਼ਾਮਲ ਵਿਅਕਤੀ ਭੁੱਖਾ ਨਾ ਰਹਿ ਜਾਵੇ। ਇਸ ਕਰਕੇ ਵੱਖ-ਵੱਖ ਪਿੰਡਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਔਰਤਾਂ ਵੀ ਸੰਘਰਸ਼ ਵਿਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾ ਸਕਣ।
ਲੱਡਾ ਟੌਲ ਪਲਾਜ਼ਾ ’ਤੇ ਧਰਨਾ 172 ਦਿਨ ’ਚ ਦਾਖ਼ਲ
ਧੂਰੀ (ਹਰਦੀਪ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਸਪਾਲ ਸਿੰਘ ਪੇਧਨੀ ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾ ਅੱਜ 172ਵੇਂ ਦਿਨ ਵੀ ਜਾਰੀ ਰਿਹਾ, ਅੱਜ ਵੀ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸੁਨਾਮ ਵਿਖੇ ਹੋਣ ਵਾਲੇ ਇੱਕਠ ਨੂੰ ਇਤਿਹਾਸਕ ਬਣਾਇਆ ਜਾਵੇਗਾ ਤੇ ਇਸ ਇੱਕਠ ਵਿੱਚ ਕਿਸਾਨਾਂ, ਨੌਜਵਾਨਾਂ, ਔਰਤਾਂ ਨੇ ਇਹੀ ਪ੍ਰਣ ਲੈਣਗੀਆਂ ਕਿ ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਓਨਾਂ ਚਿਰ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇ। ਉਨ੍ਹਾਂ ਕਿਹਾ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਂਦਰ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ 23 ਮਾਰਚ ਨੂੰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ । ਇਸ ਮੌਕੇ , ਗੁਰਜੀਤ ਸਿੰਘ ਲੱਡਾ,ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਹਮੀਰ ਸਿੰਘ ਬੇਨੜਾ, ਰਾਮ ਸਿੰਘ ਕੱਕੜਵਾਲ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਕੁਲਵਿੰਦਰ ਸਿੰਘ ਲੱਡਾ, ਜਸਪਾਲ ਸਿੰਘ ਪੇਧਨੀ, ਗੁਰੀ ਮਾਨ ਆਿਦ ਹਾਜ਼ਰ ਸਨ।