ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਜੂਨ
ਪੰਜਾਬ ਵਿੱਚ ਵੱਧਦੇ ਕਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਦਿੱਲੀ- ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪੈਂਦੇ ਅੰਤਰਰਾਜ਼ੀ ਨਾਕੇ ਢਾਬੀ- ਗੁਜਰਾਂ ਨੂੰ ਕੀਤਾ ਪੂਰੀ ਤਰ੍ਹਾਂ ਸੀਲ ਕਰਕੇ ਨਾਕੇ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ। ਦੂਸਰੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੇ ਕਾਗਜ਼ ਅਤੇ ਈ ਪਾਸ ਚੈੱਕ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਨੂੰ ਆਪਸ ਵਿੱਚ ਮਿਲਾਉਣ ਵਾਲੇ ਹੋਰ ਰਸਤਿਆਂ ਉੱਤੇ ਵੀ ਪੁਲੀਸ ਦੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਹਰਿਆਣਾ ਅੰਤਰਰਾਜੀ ਨਾਕੇ ਢਾਬੀ ਗੁੱਜਰਾਂ ਵਿਖੇ ਮੌਜੂਦ ਥਾਣਾ ਸ਼ੁਤਰਾਣਾ ਦੇ ਮੁਖੀ ਗੁਰਜੰਟ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਤਾਲਾਬੰਦੀ ਦੇ ਜਾਰੀ ਕੀਤੇ ਗਏ ਹੁਕਮਾਂ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਨਵੇਂ ਹੁਕਮਾਂ ਤਹਿਤ ਪੰਜਾਬ ਹਰਿਆਣਾ ਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਹੈ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਰਾਹੀਂ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਢਾਬੀ ਗੁੱਜਰਾਂ ਵਿਖੇ ਅੰਤਰਰਾਜ਼ੀ ਨਾਕੇ ਉੱਤੇ ਰੋਕ ਕੇ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨਾਕੇ ਤੇ ਤਾਇਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਾਹਨਾਂ ਦੇ ਕਾਗ਼ਜ਼ ਅਤੇ ਚਾਲਕਾਂ ਦੇ ਈ-ਪਾਸ ਨੂੰ ਚੈੱਕ ਕਰਨ ਉਪਰੰਤ ਵਾਹਨਾਂ ਨੂੰ ਪੰਜਾਬ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਉਧਰ, ਪਾਤੜਾਂ ਦੇ ਸਰਕਾਰੀ ਮੁਢਲੇ ਸਿਹਤ ਕੇਂਦਰ ਵਿੱਚ 2 ਦਰਜਨ ਤੋਂ ਵੱਧ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਪਾਤੜਾਂ ਦੇ ਸਰਕਾਰੀ ਮੁੱਢਲੇ ਸਿਹਤ ਕੇਂਦਰ ਦੇ ਐੱਸਐਮਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਦਾ ਇੱਕ ਲੜਕਾ ਕਰੋਨਾ ਪਾਜ਼ੇਟਿਵ ਆਇਆ ਸੀ ਜਿਸ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਗਏ ਹਨ।
50 ਪਰਵਾਸੀ ਮਜਦੂਰਾਂ ਦੇ ਸੈਂਪਲ ਲਏ
ਸੰਦੌੜ (ਮੁਕੰਦ ਸਿੰਘ ਚੀਮਾ): ਇਥੇ ਮੈਡੀਕਲ ਅਫਸਰ ਡਾ.ਰੀਤੂ ਸੇਠੀ ਦੀ ਨਿਗਰਾਨੀ ਹੇਠ ਟੀਮ ਵੱਲੋਂ ਉਤਰਪ੍ਰਦੇਸ਼ ਅਤੇ ਬਿਹਾਰ ਤੋਂ ਆਏ ਪਰਵਾਸੀ ਮਜ਼ਦੂਰਾਂ ਸਮੇਤ 50 ਵਿਅਕਤੀਆਂ ਦੇ ਕੋਵਿਡ 19 ਦੇ ਟੈਸਟ ਲਈ ਸੈਂਪਲ ਲਏ ਗਏ ਹਨ।
ਕਰੋਨਾ ਦਾ ਇੱਕ ਹੋਰ ਮਰੀਜ਼ ਲੁਧਿਆਣਾ ਦਾਖਲ
ਅਮਰਗੜ੍ਹ (ਰਾਜਿੰਦਰ ਜੈਦਕਾ): ਜ਼ਿਲ੍ਹਾ ਸੰਗਰੂਰ ਦੇ ਅਮਰਗੜ੍ਹ ਇਲਾਕੇ ਦੇ ਪਿੰਡ ਦੌਲੋਵਾਲ ਦਾ ਇਕ ਹੋਰ ਮਰੀਜ਼ ਆਉਣ ਨਾਲ ਅਮਰਗੜ੍ਹ ਇਲਾਕੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। ਦੌਲੋਵਾਲ ਦੀ ਇੱਕ ਔਰਤ ਜਗਮੀਤ ਕੌਰ ਪਤਨੀ ਕਮਿੱਕਰ ਸਿੰਘ ਜੋ ਬਿਮਾਰੀ ਕਾਰਨ ਡੀਐਸਸੀ ਲੁਧਿਆਣਾ ਵਿਖੇ ਦਾਖਲ ਸੀ, ਦਾ ਕਰੋਨਾ ਟੈਸਟ ਵੀ ਪਾਜ਼ੇਵਿਟ ਆਇਆ ਹੈ।
ਕੋਵਿਡ ਖ਼ਿਲਾਫ਼ ਜਾਗਰੂਕਤਾ ਮੁਹਿੰਮ
ਸਮਾਣਾ (ਸੁਭਾਸ਼ ਚੰਦਰ): ‘ਮਿਸ਼ਨ ਫ਼ਤਿਹ’ ਦੀ ਕਾਮਯਾਬੀ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸਰਗਰਮੀਆਂ ਅਰੰਭ ਦਿੱਤੀਆਂ ਹਨ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਗੁਰਮੇਲ ਸਿੰਘ ਨੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਉਹ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨਾਂ ’ਚ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ। ਬੀ.ਡੀ.ਪੀ.ਓ. ਸ. ਗੁਰਮੇਲ ਸਿੰਘ ਨੇ ਸਰਪੰਚਾਂ ਨੂੰ ਕਿਹਾ ਕਿ ਉਹ ਜਿੱਥੇ ਖ਼ੁਦ ਆਪਸੀ ਵਿੱਥ, ਮਾਸਕ ਪਹਿਨਣ, ਹੱਥ ਧੋਣ ਅਤੇ ਖੁੱਲ੍ਹੇ ਵਿੱਚ ਨਾ ਥੁੱਕਣ ਦੇ ਨਿਯਮਾਂ ਦੀ ਪਾਲਣਾਂ ਕਰਨ ਉਥੇ ਹੀ ਆਪਣੇ ਇਲਾਕਿਆਂ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ।