ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਜ਼ਿਲ੍ਹਾ ਸੰਗਰੂਰ ਦੇ ਪ੍ਰਿੰਟਿੰਗ ਪ੍ਰੈੱਸ ਮਾਲਕਾਂ ਅਤੇ ਪ੍ਰਤੀਨਿਧਾਂ ਨੂੰ ਜਾਣੂ ਕਰਵਾਉਣ ਲਈ ਮੀਟਿੰਗ ਹੋਈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਵੱਖ-ਵੱਖ ਚੌਕਸੀ ਟੀਮਾਂ ਵੱਲੋਂ ਜਾਂਚ ਪੜਤਾਲ ਦੌਰਾਨ ਜੇਕਰ ਕੋਈ ਵੀ ਅਜਿਹੀ ਚੋਣ ਪ੍ਰਚਾਰ ਸਮੱਗਰੀ ਬਰਾਮਦ ਕੀਤੀ ਜਾਂਦੀ ਹੈ, ਜਿਸ ਵਿਚ ਪ੍ਰਿੰਟਿੰਗ ਪ੍ਰੈੱਸ ਦੀ ਤਰਫੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੋਵੇ, ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਨਵੀਂਆਂ ਹਦਾਇਤਾਂ ਮੁਤਾਬਕ ਲੋਕ ਸਭਾ ਚੋਣ ਲੜ ਰਹੇ ਹਰੇਕ ਉਮੀਦਵਾਰ ਦੇ ਖਰਚੇ ਦੀ ਹੱਦ 95 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਪ੍ਰਿੰਟਿੰਗ ਪ੍ਰੈਸਾਂ ਰਾਹੀਂ ਪ੍ਰਕਾਸ਼ਿਤ ਹੋਣ ਵਾਲੀ ਸਮੂਹ ਪ੍ਰਚਾਰ ਸਮੱਗਰੀ ਸਬੰਧੀ ਸਹੀ ਵੇਰਵੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਵੱਲੋਂ ਲਿਖ਼ਤੀ ਤੌਰ ’ਤੇ ਦੇਣੇ ਲਾਜ਼ਮੀ ਹੋਣਗੇ, ਤਾਂ ਜੋ ਇਸ ਦਾ ਖਰਚਾ ਵੀ ਜੋੜਿਆ ਜਾ ਸਕੇ।