ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਅਗਸਤ
ਵਿੱਤ, ਯੋਜਨਾ, ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੋਲੋ ਗਰਾਊਂਡ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ। ਦੇਸ਼ ਦੇ ਮਹਾਨ ਸ਼ਹੀਦਾਂ, ਲਹਿਰਾਂ ਦੇ ਸ਼ਹੀਦਾਂ ਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸੰਘਰਸ਼ਾਂ ’ਚ ਪਾਏ ਯੋਗਦਾਨ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।
ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਵੱਲੋਂ 80 ਫੀਸਦੀ ਤੋਂ ਵੱਧ ਦਿੱਤੀਆਂ ਕੁਰਬਾਨੀਆਂ ਦੇ ਹਵਾਲੇ ਨਾਲ ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਤੇ ਡਾ. ਬੀ. ਆਰ. ਅੰਬੇਦਕਰ ਤੋਂ ਸੇਧ ਲੈਣ ਲਈ ਇਨ੍ਹਾਂ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਵਿੱਚ ਲਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਵੱਲੋਂ ਕਰੀਬ 5 ਮਹੀਨਿਆਂ ’ਚ ਲਏ ਇਤਿਹਾਸਕ ਤੇ ਸੁਹਿਰਦ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਨੂੰ ਚੰਗੇਰੀ ਬਣਾਉਣ ਲਈ ਸਰਕਾਰ ਅੱਗੇ ਵਧ ਰਹੀ ਹੈ।
ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸੂਬੇ ਦੀ ਜੀ.ਐੱਸ.ਟੀ ਵਸੂਲੀ ’ਚ 24.15 ਫੀਸਦੀ ਤੇ ਆਬਕਾਰੀ ਵਸੂਲੀ ’ਚ 41.23 ਫੀਸਦੀ ਦੀ ਵਿਕਾਸ ਦਰ ਨੂੰ ਵੀ ਵਿਕਾਸ ਅਤੇ ਵਿੱਤੀ ਹਾਲਤ ਲਈ ਚੰਗਾ ਸੰਕੇਤ ਦੱਸਿਆ। ਵਿੱਤ ਮੰਤਰੀ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਸਮੇਤ ਹੋਰ ਅਨੇਕਾਂ ਲੋਕ ਹਿਤੂ ਫ਼ੈਸਲਿਆਂ ਦਾ ਜ਼ਿਕਰ ਵੀ ਕੀਤਾ ਅਤੇ ਦੱਸਿਆ ਕਿ ਹੁਣ ਸਰਕਾਰੀ ਪੈਸੇ ਨੂੰ ਬਚਾ ਕੇ ਲੋਕ ਹਿੱਤ ਦੇ ਕੰਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ‘ਆਮ ਆਦਮੀ ਕਲੀਨਿਕ’ ਸਥਾਪਤ ਕਰਨ ਦੇ ਫ਼ੈਸਲੇ ਨੂੰ ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਡੀਕਲ ਤੇ ਤਕਨੀਕੀ ਸਿੱਖਿਆ ਨੂੰ ਤਰਜੀਹ ਦਿੰਦਿਆਂ ਸਰਕਾਰ ਨੇ ਇਨ੍ਹਾਂ ਦੇ ਬਜਟ ’ਚ 57 ਤੇ 48 ਫ਼ੀਸਦੀ ਵਾਧਾ ਕੀਤਾ ਗਿਆ ਹੈ। ਖਾਲੀ ਪਈਆਂ 26454 ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦ ਠੇਕਾ ਆਧਾਰਤ 36000 ਕਾਮਿਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਥੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਭੁੱਲਰ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਮਸਤੂਆਣਾ ਸਾਹਿਬ ਵਿੱਚ 25 ਏਕੜ ਰਕਬੇ ਵਿੱਚ ਕਰੀਬ 345 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦਾ ਪਹਿਲਾ ਅਕਾਦਮਿਕ ਸੈਸ਼ਨ ਇੱਕ ਅਪਰੈਲ 2023 ਤੋਂ ਸ਼ੁਰੂ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਪੁਲੀਸ ਲਾਈਨ ਵਿੱਚ ਐੱਮਐੱਲਏ ਨਰਿੰਦਰ ਭਰਾਜ ਤੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਸਮੇਤ ਸ਼ਹੀਦੀ ਯਾਦਗਾਰ ਵਿੱਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਮਾਰਚ ਪਾਸਟ ਤਹਿਤ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਲਈ। ਕੈਬਨਿਟ ਮੰਤਰੀ ਨੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਕੂਲੀ ਵਿਦਿਆਰਥਣਾਂ ਵੱਲੋਂ ਗਿੱਧੇ ਅਤੇ ਵਿਦਿਆਰਥੀਆਂ ਵੱਲੋਂ ਪੇਸ਼ ਭੰਗੜਾ ਖਿੱਚ ਦਾ ਕੇਂਦਰ ਬਣੇ ਰਹੇ। ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ ਗਏ। ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਮੁਰਾਹ ਬਫੈਲੋ ਪ੍ਰਾਜੈਕਟ ਸਕੀਮ ਅਧੀਨ ਪੰਜ ਪਸ਼ੂ ਪਾਲਕਾਂ ਨੂੰ ਚੈੱਕ ਵੀ ਵੰਡੇ ਗਏ। ਉਨ੍ਹਾਂ ਨੇ ਨਵੇਂ ਬੁਢਾਪਾ ਪੈਨਸ਼ਨਰਾਂ, ਦਿਵਿਆਂਗ ਵੋਟਰਾਂ, ਸਵੈ-ਸਹਾਇਤਾ ਸਮੂਹਾਂ ਤੇ ਮਗਨਰੇਗਾ ਦੇ ਜੌਬ ਕਾਰਡ ਹੋਲਡਰਾਂ ਨੂੰ ਵੀ ਸਨਮਾਨਿਤ ਕੀਤਾ।
ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਦਾ ਸਨਮਾਨ
ਪਟਿਆਲਾ: ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਸੁਤੰਤਰਤਾ ਸੰਗਰਾਮੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਉਤਰਾਧਿਕਾਰੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿੱਚ 1104 ਏਕੜ ਜ਼ਮੀਨ ’ਤੇ ਪੰਜਾਬ ਤੇ ਖਾਸਕਰ ਪਟਿਆਲਾ ਲਈ ਮਹੱਤਵਪੂਰਨ ‘ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ’ ਉੱਤੇ ਆਧਾਰਤ 285 ਕਰੋੜ ਦੀ ਲਾਗਤ ਨਾਲ ਅਹਿਮ ਪ੍ਰਾਜੈਕਟ ਸਥਾਪਤ ਕੀਤਾ ਜਾ ਰਿਹਾ ਹੈ। ਇਸ ਮਗਰੋਂ ਉਨ੍ਹਾਂ ਪਰੇਡ ਕਮਾਂਡਰ ਦੀ ਅਗਵਾਈ ਹੇਠਲੀਆਂ ਪੁਲੀਸ ਤੇ ਹੋਰ ਟੁਕੜੀਆਂ ਤੋਂ ਸਲਾਮੀ ਲਈ। ਰਵਿੰਦਰ ਰਵੀ, ਹੌਲਦਾਰ ਸੁਖਵਿੰਦਰ ਕੌਰ, ਐਸ.ਬੀ.ਆਈ. ਦੇ ਹਰਜਿੰਦਰ ਸਿੰਘ, ਪੁਲੀਸ ਦੇ ਬਲਵਿੰਦਰ ਸਿੰਘ ਨੇ ਮੋਟਰਸਾਈਕਲ ’ਤੇ ਜਦਕਿ ਪੀ.ਪੀ.ਐੱਸ. ਨਾਭਾ ਦੇ ਵਿਦਿਆਰਥੀਆਂ ਨੇ ਘੋੜ ਸਵਾਰੀ ਤੇ ਟੈਂਟ ਪੈਗਿੰਗ ਦੇ ਕਰਤੱਬ ਦਿਖਾਏ। ਸਮਾਗਮ ਮੌਕੇ ਸਕੂਲਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ, ਸਕੂਲਾਂ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਗਿੱਧੇ ਅਤੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ। ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗਾਨ ਗਾਇਆ। ਵਿੱਤ ਮੰਤਰੀ ਨੇ ਰੈੱਡ ਕਰਾਸ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਦੀ ਵੰਡ ਕਰਨ ਸਮੇਤ ਪਰੇਡ ਕਮਾਂਡਰ ਡੀਐੱਸਪੀ ਦਲਜੀਤ ਵਿਰਕ, ਪੱਤਰਕਾਰ ਗੁਰਪ੍ਰੀਤ ਚੱਠਾ ਤੇ ਹਰਪ੍ਰੀਤ ਨਾਭਾ ਸਮਾਜ ਕਈ ਹੋਰ ਵੱਖ-ਵੱਖ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ। ਆਜ਼ਾਦੀ ਘੁਲਾਟੀਆਂ ਦੇ ਉਤਰਾਧਿਕਾਰੀਆਂ ਦੀ ਜਥੇਬੰਦੀ ਦੇ ਆਗੂਆਂ ਅਮਰੀਕ ਕਲਹਿਣਾ, ਪ੍ਰਕਾਸ਼ ਧਾਲੀਵਾਲ ਤੇ ਸੋਨੀ ਧਾਲੀਵਾਲ ਨੇ ਵਿੱਤ ਮੰਤਰੀ ਨੂੰ ਮੰਗ ਪੱੱਤਰ ਵੀ ਦਿੱਤਾ। -ਖੇਤਰੀ ਪ੍ਰਤੀਨਿਧ
ਪੰਜਾਬੀ ਯੂਨੀਵਰਸਿਟੀ ਤੇ ਕਈ ਹੋਰ ਥਾਈਂ ਆਜ਼ਾਦੀ ਦਿਵਸ ਸਮਾਗਮ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਵਿੱਚ ਆਜ਼ਾਦੀ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ ਜਿਸ ਦੌਰਾਨ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦੇਸ਼ ਵੰਡ ਬਾਰੇ ਗੱਲਬਾਤ ਦੌਰਾਨ ਆਪਣੇ ਦਾਦਕੇ ਅਤੇ ਨਾਨਕੇ ਪਰਿਵਾਰ ਨਾਲ ਜੁੜੀਆਂ ਨਿੱਜੀ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੰਡ ਨੂੰ ਪੰਜਾਬ ਨੇ ਪਿੰਡੇ ’ਤੇ ਹੰਢਾਇਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਸ਼ੇਸ਼ ਪ੍ਰਸੰਗ ਵਿੱਚ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਇੱਥੇ ਨਵੀਂ ਕਿਸਮ ਦੇ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਨਵੀਂ ਕਿਸਮ ਦੇ ਕੁਝ ਵਿਸ਼ੇਸ਼ ਕੇਂਦਰ ਵੀ ਸਥਾਪਤ ਕੀਤੇ ਗਏ ਹਨ। ਸਰਕਾਰ ਵੱਲੋਂ ਗਰਾਂਟ ਵਿੱਚ ਵਾਧੇ ’ਤੇ ਤਸੱਲੀ ਪ੍ਰਗਟ ਕਰਦਿਆਂ, ਵੀਸੀ ਨੇ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਜਲਦੀ ਹੀ ਕਰਜ਼ਾ ਮੁਕਤ ਕਰਨ ਦੀ ਆਸ ਵੀ ਪ੍ਰਗਟਾਈ। ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਤਿਵਾੜੀ ਨੇ ਵੀ ਵਿਚਾਰ ਪੇਸ਼ ਕੀਤੇ।
ਪਟਿਆਲਾ ਜੇਲ੍ਹ ’ਤੇ ਕੌਮੀ ਝੰਡਾ ਲਹਿਰਾਇਆ
ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਟਿਵਾਣਾ ਨੇ ਜੇਲ੍ਹ ਦੀ ਡਿਓਢੀ ’ਤੇ ਕੌਮੀ ਝੰਡਾ ਲਹਿਰਾ ਕੇ ਆਜ਼ਾਦੀ ਦਿਹਾੜਾ ਮਨਾਇਆ। ਜੇਲ੍ਹ ਕੰਪਲੈਕਸ ’ਚ ਸਥਿਤ ਪੰਜਾਬ ਪੱਧਰੀ ਜੇਲ੍ਹ ਟਰੇਨਿੰਗ ਸਕੂਲ ਦੀ ਇਮਾਰਤ ’ਤੇ ਵੀ ਉਨ੍ਹਾਂ ਹੀ ਤਿਰੰਗਾ ਲਹਿਰਾਇਆ। ਪਿੰਡ ਚੌਰਾ ਵਿੱਚ ਸਥਿਤ ‘ਇੰਡੋ-ਤਿੱਬਤੀਅਨ ਬਾਰਡਰ ਪੁਲੀਸ ਫੋਰਸ’ ਦੀ 51ਵੀਂ ਬਟਾਲੀਅਨ ਵੱਲੋਂ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ ਨਿਭਾਈ। ਐਡਜੂਟੈਂਟ ਡਿਪਟੀ ਕਮਾਂਡੈਂਟ ਪੂਰਨ ਰਾਮ ਨੇ ਦੱਸਿਆ ਕਿ ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ 51ਵੀਂ ਬਟਾਲੀਅਨ ਦੇ ਅਧਿਕਾਰੀਆਂ ਨੂੰ ਕੇਂਦਰੀ ਗ੍ਰਹਿ ਮੰਤਰੀ ਵਿਸ਼ੇਸ਼ ਮੈਡਲ, ਅਤਿ ਉਤਕ੍ਰਿਸ਼ਟ ਸੇਵਾ ਮੈਡਲ ਅਤੇ ਉਤਕ੍ਰਿਸ਼ਟ ਸੇਵਾ ਮੈਡਲ ਵਰਗੀਆਂ ਵਿਲੱਖਣ ਪ੍ਰਾਪਤੀਆਂ ਲਈ ਮੈਡਲ ਪਾ ਕੇ ਸਨਮਾਨਿਤ ਕੀਤਾ। -ਖੇਤਰੀ ਪ੍ਰਤੀਨਿਧ