ਬੀਰਬਲ ਰਿਸ਼ੀ
ਸ਼ੇਰਪੁਰ, 10 ਮਈ
ਕਈ ਦਹਾਕੇ ਪਹਿਲਾਂ ਪੰਚਾਇਤੀ ਜ਼ਮੀਨ ’ਚੋਂ ਦਲਿਤ ਪਰਿਵਾਰਾਂ ਦੇ ਨਾਮ ਕੱਟੀਆਂ ਕਲੋਨੀਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਪਿੰਡ ਖੇੜੀ ਕਲਾਂ ਗਰਿੱਡ ਦੇ ਨੇੜੇ ਪੰਚਾਇਤੀ ਟੱਕ ਵਿੱਚ ਦਲਿਤ ਪਰਿਵਾਰਾਂ ਨੇ ਤੰਬੂ ਲਾ ਕੇ ਰੋਸ ਧਰਨਾ ਸ਼ੁਰੂ ਕਰਦਿਆਂ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਪੰਚਾਇਤੀ ਜ਼ਮੀਨ ਦੀ ਬੋਲੀ ਨਾਕਾਮ ਕਰਨ ਦੀ ਚਿਤਾਵਨੀ ਦਿੱਤੀ। ਧਰਨਾਕਾਰੀਆਂ ਵਿੱਚ ਸ਼ਾਮਲ ਮੇਜਰ ਸਿੰਘ, ਬਲੌਰ ਸਿੰਘ, ਰੁਲਦਾ ਸਿੰਘ, ਗੁਰਦਿਆਲ ਸਿੰਘ, ਗੁਰਮੇਲ ਸਿੰਘ ਤੇ ਹਰਮਨ ਦੀ ਤਰਫ਼ੋਂ ਬਸਪਾ ਆਗੂ ਮਨਜੀਤ ਸਿੰਘ ਖੇੜੀ ਨੇ ਦੱਸਿਆ ਕਿ ਕੁੱਲ 48 ਬਿਸਵੇ ਜਗ੍ਹਾ ’ਚੋਂ ਦੋ-ਦੋ ਬਿਸਵੇ ਜਗ੍ਹਾ ਦਲਿਤਾਂ ਦੇ 24 ਪਰਿਵਾਰਾਂ ਨੂੰ ਕੱਟੀ ਗਈ ਹੈ। ਉਨ੍ਹਾਂ ਖੁਦ ਪੰਚ ਹੁੰਦੇ ਹੋਏ ਕਲੋਨੀਆਂ ਦਾ ਮਸਲਾ ਵਾਰ-ਵਾਰ ਚੁੱਕਿਆ ਪਰ ਕਿਸੇ ਨੇ ਗੱਲ ਨਹੀਂ ਸੁਣੀ ਪਰ ਹੁਣ ਲਾਰਿਆਂ ਤੋਂ ਅੱਕੇ ਲੋਕਾਂ ਨੇ ਮਜਬੂਰੀਵੱਸ ਇਹ ਕਦਮ ਚੁੱਕਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦਹਾਕਿਆਂ ਤੋ ਲਟਕਦੀ ਇਸ ਮੰਗ ਨੂੰ ਤੁਰੰਤ ਮੰਨਕੇ ਅਮਲੀ ਰੂਪ ’ਚ ਲਾਗੂ ਕੀਤਾ ਜਾਵੇ।
ਇਸ ਸਬੰਧੀ ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ ਨੇ ਦੱਸਿਆ ਕਿ ਕਲੋਨੀਆਂ ਸਬੰਧੀ ਦਰਖਾਸਤ ਆਈ ਹੈ ਜਿਸਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।