ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਪਰੈਲ
ਇੱਥੇ ਸਰਕਾਰੀ ਰਣਬੀਰ ਵਿੱਚ ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ‘ਐਕਸਟੈਂਸ਼ਨ ਲੈਕਚਰ’ ਅਤੇ ‘ਵਿਦਿਆਰਥੀ-ਅਧਿਆਪਕ ਰੂ-ਬੂ-ਰੂ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਡਾ. ਵਿਨੋਦ ਆਰੀਆ (ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ) ਨੇ ਡਾ. ਬੀਆਰ ਅੰਬੇਡਕਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਿਭਾਈ ਗਈ ਭੂਮਿਕਾ ਬਾਰੇ ਚਾਨਣਾ ਪਾਇਆ। ਦੂਸਰੇ ਸੈਸ਼ਨ ਵਿੱਚ ਡਾ. ਆਦਿੱਤਿਆ ਰੰਜਨ ਕਪੂਰ (ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ) ਨੇ ਵਿਦਿਆਰਥੀਆਂ ਨੂੰ ਸਮਾਜ-ਵਿਗਿਆਨ ਵਿਸ਼ੇ ਨਾਲ ਸਬੰਧਿਤ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਦੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਸੁਖਬੀਰ ਸਿੰਘ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਅਖ਼ੀਰ ਦੋਵਾਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਸਮਾਜ-ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਜਗਦੀਪ ਸਿੰਘ ਨੇ ਮਹਿਮਾਨਾਂ, ਕਾਲਜ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।