ਬੀਰਬਲ ਰਿਸ਼ੀ
ਸ਼ੇਰਪੁਰ, 11 ਮਾਰਚ
ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਦੀ ਵੱਡੀ ਲੀਡ ਨਾਲ ਜਿੱਤ ਦੇ ਦੂਜੇ ਦਿਨ ਵੀ ਹਲਕੇ ਦੇ ਪਿੰਡਾਂ ਵਿੱਚ ਜਿੱਤ ਦੇ ਜ਼ਸਨ ਜਾਰੀ ਰਹੇ। ਪਿੰਡ ਚਾਂਗਲੀ ਦੀ ਸਰਪੰਚ ਬੀਬੀ ਜਸਵੀਰ ਕੌਰ, ਸਤਿੰਦਰ ਕੌਰ, ਅੰਜੂ ਸ਼ਰਮਾ ਤੇ ਸਤਿਵੀਰ ਕੌਰ ਦੀ ਸਾਂਝੀ ਅਗਵਾਈ ਹੇਠ ਪਿੰਡ ਦੀਆਂ ਔਰਤਾਂ ਤੇ ਧੀਆਂ ਨੇ ਅੱਜ ਸਵੇਰ ਸਮੇਂ ਜਾਗੋ ਕੱਢੀ। ਸਰਪੰਚ ਜਸਵੀਰ ਕੌਰ ਨੇ ਦੱਸਿਆ ਕਿ ਭਗਵੰਤ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਔਰਤਾਂ ਨੇ ਗਿੱਧੇ ਪਾਏ। ਸਾਬਕਾ ਚਾਂਗਲੀ ਦੇ ਸਰਪੰਚ ਗੁਰਜੰਟ ਸਿੰਘ ਚਾਂਗਲੀ ਨੇ ਦੱਸਿਆ ਕਿ ਪਿੰਡ ਵਿੱਚ ਨੌਜਵਾਨਾਂ ਨੇ ਟਰੈਕਟਰ ਮਾਰਚ ਕੀਤਾ ਅਤੇ ਅੱਜ ਸਾਰਾ ਦਿਨ ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ। ਇਸੇ ਤਰ੍ਹਾਂ ਪਿੰਡ ਘਨੌਰੀ ਕਲਾਂ ਵਿੱਚ ਆਮ ਆਦਮੀ ਪਾਰਟੀ ਦੇ ਮੋਹਰੀ ਆਗੂ ਮਾਸਟਰ ਕੁਲਵੰਤ ਸਿੰਘ ਤੇ ਮੁਸਲਿਮ ਆਗੂ ਅਮਨ ਖਾਨ ਦੀ ਅਗਵਾਈ ਹੇਠ ਨੌਜਵਾਨਾਂ ਨੇ ਪਿੰਡ ਵਿੱਚ ਟਰੈਕਟਰ ਮਾਰਚ ਕਰਕੇ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ ਤੇ ਕੇਵਲ ਸਿੰਘ ਆਦਿ ਹਾਜ਼ਰ ਸਨ।