ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਅਗਸਤ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸੰਗਰੂਰ ਵੱਲੋਂ ਸਿੱਖਿਆ ਮੰਤਰੀ ਦੀ ਆਰਜ਼ੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਮੰਗ ਕਰ ਰਹੇ ਸਨ ਕਿ ਨੈਸ਼ਨਲ ਪੈਨਸ਼ਨ ਸਕੀਮ ਨੂੰ ਰੱਦ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕੋ ਕਨਵੀਨਰ ਜਸਵਿੰਦਰ ਸਿੰਘ ਜੱਸਾ, ਜ਼ਿਲ੍ਹਾ ਕਨਵੀਨਰ ਸਰਬਜੀਤ ਸਿੰਘ ਪੁੰਨਾਵਾਲ, ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ, ਸੁਖਪਾਲ ਸਿੰਘ ਹਿੰਮਤਾਨਾ, ਮਨਪ੍ਰੀਤ ਸਿੰਘ ਟਿੱਬਾ, ਤੇਜਿੰਦਰ ਸਿੰਘ ਅਤੇ ਗੁਰਪ੍ਰੀਤ ਬੱਬੀ ਨੇ ਇੱਕਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਲਗਾਤਾਰ ਦੋਹਰੇ ਚਿਹਰੇ ਨੰਗੇ ਹੋ ਰਹੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਵਾਅਦੇ ਛਲਾਵੇ ਸਿੱਧ ਹੋ ਰਹੇ ਹਨ। ਪੰਜਾਬ ਦਾ ਸਮੁੱਚਾ ਮੁਲਾਜ਼ਮ, ਪੈਨਸ਼ਨਰ, ਕੱਚੇ ਕਾਮੇ ਅਤੇ ਬੇਰੁਜ਼ਗਾਰ ਲਗਾਤਾਰ ਸੰਘਰਸ਼ ਦੇ ਰਾਹ ’ਤੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇਗਾ। ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਵਾਅਦਾ ਵਫਾ ਨਹੀਂ ਹੋਇਆ।
ਆਗੂਆਂ ਕਿਹਾ ਕਿ ਸਮਾਜਿਕ ਸੁਰੱਖਿਆ ਹਰ ਭਾਰਤੀ ਨਾਗਰਿਕ ਦਾ ਸੰਵਿਧਾਨਕ ਬੁਨਿਆਦੀ ਹੱਕ ਹੈ ਪਰ ਸੰਨ 2004 ਤੋਂ ਬਾਅਦ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਸਰਕਾਰਾਂ ਨੇ ਭਾਰਤੀ ਕਰਮਚਾਰੀਆਂ ਤੋਂ ਇਹ ਪੁਰਾਣੀ ਪੈਨਸ਼ਨ ਖੋਹ ਲਈ ਅਤੇ ਇਸ ਦੇ ਬਦਲ ਵਜੋਂ ਐਨਪੀਐਸ ਲਾਗੂ ਕਰਕੇ ਇੱਕ ਇਨਵੈਸਟਮੈਂਟ ਸਕੀਮ ਕਰਮਚਾਰੀਆਂ ’ਤੇ ਮੜ੍ਹ ਦਿੱਤੀ ਹੈ। ਆਗੂਆਂ ਕਿਹਾ ਕਿ 23 ਅਗਸਤ ਨੂੰ ਮੁਲਾਜ਼ਮ ਮਾਰੂ ਪੀ.ਐਫ.ਆਰ.ਡੀ.ਏ ਬਿੱਲ ਦੀਆਂ ਕਾਪੀਆਂ ਸਾੜਨ ਤੋਂ ਬਾਅਦ 29 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਲੁਧਿਆਣਾ ਵਿੱਚ ਐੱਨਪੀਐੱਸ ਮੁਲਾਜ਼ਮਾਂ ਵੱਲੋਂ ਵੰਗਾਰ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਸਰਪ੍ਰਸਤ ਬੱਗਾ ਸਿੰਘ, ਹਰਜੀਤ ਸਿੰਘ ਗਲਵੱਟੀ, ਕ੍ਰਿਸਨ ਸਿੰਘ ਜਖੇਪਲ, ਸੁਖਵੰਤ ਉਗਰਾਹਾਂ, ਮਨਜੀਤ ਲੱਡਾ, ਨਪਿੰਦਰ ਕਾਂਝਲਾ, ਦੀਨਾ ਨਾਥ, ਗਗਨਦੀਪ ਸਿੰਘ, ਸਤਨਾਮ ਸਿੰਘ, ਹੁਸਿਆਰ ਸਿੰਘ, ਸੌਰਭ ਜੋਸ਼ੀ, ਪ੍ਰਿੰਸ ਸਿੰਗਲਾ, ਰਾਮ ਸਿੰਘ ਬੇਨੜਾ, ਬਹਾਦਰ ਸਿੰਘ, ਸੁਖਵੀਰ ਸਿੰਘ ਖੇੜੀ, ਜਗਦੀਸ਼ ਲਾਲ, ਸੁਨੀਲ ਕੁਮਾਰ, ਹਰਦੇਵ ਸਿੰਘ ਆਦਿ ਮੌਜੂਦ ਸਨ।