ਨੰਗਲ (ਰਾਕੇਸ਼ ਸੈਣੀ):
ਇੱਥੇ ਸਤਲੁਜ ਦਰਿਆ ਦੇ ਘਾਟ ’ਤੇ ਨਹਾ ਰਹੇ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ| ਘਟਨਾ ਗੁਰਦੁਆਰਾ ਘਾਟ ਸਾਹਿਬ ਦੇ ਨਾਲ ਸਤਲੁਜ ਦਰਿਆ ਕਿਨਾਰੇ ਬਣੇ ਘਾਟ ’ਤੇ ਵਾਪਰੀ ਹੈ। ਇੱਥੇ ਲੋਕ ਗਰਮੀ ਤੋਂ ਰਾਹਤ ਲੈਣ ਲਈ ਨਹਾ ਰਹੇ ਸਨ। ਇਸੇ ਦੌਰਾਨ ਇਕ ਬੱਚੇ ਦਾ ਪੈਰ ਤਿਲ੍ਹਕ ਗਿਆ ਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ|
ਆਪਣੇ ਦੋਸਤ ਨੂੰ ਬਚਾਉਣ ਲਈ ਉਸ ਦੇ ਸਾਥੀ ਨੇ ਵੀ ਪਿੱਛੇ ਹੀ ਛਾਲ ਮਾਰ ਦਿੱਤੀ ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ| ਇਸ ਦੌਰਾਨ ਬੀਬੀਐੱਮਬੀ ਦੇ ਗੋਤਾਖੋਰਾਂ ਅਤੇ ਇਲਾਕੇ ਦੇ ਸਮਾਜ ਸੇਵੀ ਤੇ ਤੈਰਾਕ ਕਮਲਪ੍ਰੀਤ ਸੈਣੀ ਨੇ ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਦਰਿਆ ’ਚੋਂ ਕੱਢ ਲਿਆ| ਮ੍ਰਿਤਕਾਂ ਦੀ ਪਛਾਣ ਹਰਸ਼ ਪੁੱਤਰ ਬਬਰੀਤ ਰਾਣਾ ਪਿੰਡ ਨਿੱਕੂ ਨੰਗਲ ਅਤੇ ਵੰਸ਼ ਪੁੱਤਰ ਸ਼ਿਬੂ ਕੁਮਾਰ ਵਾਸੀ ਮੁਹੱਲਾ ਪੁਰਾਣਾ ਵਜੋਂ ਹੋਈ ਹੈ| ਘਟਨਾ ਦੀ ਜਾਣਕਾਰੀ ਮਿਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਰਮੀ ਦੇ ਮੌਸਮ ਵਿੱਚ ਨਦੀਆਂ ਅਤੇ ਦਰਿਆਵਾਂ ਨਾ ਨਹਾਉਣ ਜਾਣ|