ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਜੁਲਾਈ
ਇੱਥੇ ਲੰਬੇ ਸਮੇ ਤੋਂ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਸ਼ਹਿਰ ਦੇ ਵਾਰਡ ਨੰਬਰ 10 ਦੇ ਅਧੀਨ ਆਉਂਦੇ ਗੁਰੂ ਨਾਨਕ ਮੁਹੱਲਾ ਅਤੇ ਜੋਗਿੰਦਰ ਬਸਤੀ ਦੇ ਲੋਕਾਂ ਵੱਲੋਂ ਸੜਕ ’ਤੇ ਖੜ੍ਹੇ ਗੰਦੇ ਪਾਣੀ ’ਚ ਝੋਨਾ ਲਾ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਦੀਪ ਸਿੰਘ, ਗਗਨਦੀਪ ਸਿੰਘ,ਸਤਿਗੁਰ ਸਿੰਘ, ਬੱਬੂ ਸਿੰਘ, ਸੱਤਪਾਲ ਸਿੰਘ ਤੇ ਬੰਟੀ ਆਦਿ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਇੱਥੇ ਸੀਵਰੇਜ ਜਾਮ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀ ਮੁਹੱਲਿਆਂ ’ਚ ਖੜ੍ਹਾ ਰਹਿੰਦਾ ਹੈ। ਇਸ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗੰਦਾ ਪਾਣੀ ਜਮ੍ਹਾਂ ਰਹਿਣ ਕਰਕੇ ਲੋਕਾਂ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਇੱਥੋਂ ਲੰਘਣਾ ਮੁਸ਼ਕਲ ਹੋ ਰਿਹਾ ਹੈ। ਮੀਂਹ ਦੇ ਦਿਨਾਂ ਵਿੱਚ ਤਾਂ ਇਹ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਲੋਕਾਂ ਨੂੰ ਨਾਲ ਲੈ ਕੇ ਸ਼ਹਿਰ ’ਚ ਨਿਕਾਸੀ ਦੇ ਮਾੜੇ ਪ੍ਰਬੰਧਾਂ ਜਾਂ ਜਾਮ ਸੀਵਰੇਜ ਦੇ ਖੜ੍ਹੇ ਪਾਣੀ ’ਚ ਝੋਨਾ ਲਗਾ ਕੇ ਸਰਕਾਰਾਂ ਨੂੰ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਕਰਦੇ ਸਨ, ਠੀਕ ਉਸੇ ਤਰ੍ਹਾਂ ਅੱਜ ਸਮੱਸਿਆ ਨਾਲ ਜੂਝ ਰਹੇ ਲੋਕ ਗੰਦੇ ਪਾਣੀ ’ਚ ਝੋਨਾ ਲਾ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਹਨ ਪਰ ਸਰਕਾਰ ’ਚ ਵਿਧਾਇਕ ਬਣੇ ਨਰਿੰਦਰ ਕੌਰ ਭਰਾਜ ਉਨ੍ਹਾਂ ਦੀ ਇਸ ਸਮੱਸਿਆ ਤੋਂ ਬੇਖਬਰ ਜਾਪ ਰਹੇ ਹਨ।
ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਤਾਂ ਮੁਹੱਲਾ ਵਾਸੀ ਹਾਈਵੇਅ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਸਬੰਧੀ ਨਗਰ ਕੌਂਸਲ ਦੇ ਨਵੇਂ ਆਏ ਕਾਰਜਸਾਧਕ ਅਫ਼ਸਰ ਬਾਲ ਕ੍ਰਿਸ਼ਨ ਨੇ ਕਿਹਾ ਕਿ ਉਹ ਖੁਦ ਲੋਕਾਂ ਨਾਲ ਜਾ ਕੇ ਮੌਕਾ ਦੇਖ ਕੇ ਆਏ ਹਨ। ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।