ਭਵਾਨੀਗੜ੍ਹ (ਮੇਜਰ ਮੱਟਰਾਂ) ਐੱਚਡੀਐੱਫਸੀ ਬੈਂਕ ਬਰਾਂਚ ਭਵਾਨੀਗੜ੍ਹ ਦੀ ਇਕ ਮਹਿਲਾ ਮੁਲਾਜ਼ਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਬਰਾਂਚ ਨੂੰ 3 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਇਸ ਬਰਾਂਚ ਦੀ ਇਕ ਮਹਿਲਾ ਮੁਲਾਜ਼ਮ ਤੇ ਉਸ ਦੇ ਪੁਲੀਸ ਮੁਲਾਜ਼ਮ ਪਤੀ ਦੀਆਂ ਕਰੋਨਾ ਸਬੰਧੀ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਸਨ, ਜਿਸ ਕਾਰਨ ਇਨ੍ਹਾਂ ਦੋਵਾਂ ਨੂੰ ਇਲਾਜ ਲਈ ਘਾਬਦਾਂ ਕੇਂਦਰ ’ਚ ਦਾਖਲ ਕਰਵਾਇਆ ਗਿਆ ਸੀ। ਐੱਸਐੱਮਓ ਭਵਾਨੀਗੜ੍ਹ ਡਾ. ਪਰਵੀਨ ਗਰਗ ਨੇ ਦੱਸਿਆ ਕਿ ਅੱਜ ਐੱਚਡੀਐੱਫਸੀ ਬੈਂਕ ਦੀ ਭਵਾਨੀਗੜ੍ਹ ਬਰਾਂਚ ਨੂੰ ਤਿੰਨ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਬਰਾਂਚ ਵਿੱਚ ਤਾਇਨਾਤ ਸਾਰੇ ਮੁਲਾਜ਼ਮਾਂ ਦੀ ਸੈਂਪਲਿੰਗ ਕੀਤੀ ਗਈ ਹੈ।