ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 18 ਫਰਵਰੀ
ਕਿਸਾਨੀ ਅੰਦੋਲਨ ਦੇ ਹੱਕ ਵਿੱਚ ਚੀਮਾ ਮੰਡੀ ਵਿੱਚ ਸੁਨਾਮ-ਮਾਨਸਾ ਮੁੱਖ ਸੜਕ ’ਤੇ ਪਿੰਡ ਬੀਰ ਕਲਾਂ ਦੇ ਗੁਰਦੀਪ ਸਿੰਘ ਵੱਲੋਂ ਇਕੱਲੇ ਹੀ ਬੈਠ ਕੇ ਸ਼ੁਰੂ ਕੀਤਾ ਗਿਆ ਸੰਕੇਤਕ ਧਰਨਾ ਅੱਜ ਗਿਆਰ੍ਹਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ। ਇਸ ਸੰਘਰਸ਼ ਵਿੱਚ ਹੁਣ ਹੋਰ ਲੋਕ ਵੀ ਉਸਦਾ ਸਾਥ ਦੇਣ ਲੱਗੇ ਹਨ। ਗੁਰਦੀਪ ਸਿੰਘ ਇਸ ਕਿਸਾਨੀ ਅੰਦੋਲਨ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਤੇ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਉਹ ਅਨੇਕਾਂ ਵਾਰ ਇਕੱਲਾ ਤੇ ਆਪਣੇ ਸਾਥੀਆਂ ਸਮੇਤ ਵੀ ਸ਼ਾਮਲ ਹੋ ਚੁੱਕਾ ਹੈ। ਉਸ ਵੱਲੋਂ ਰੋਜ਼ਾਨਾ ਸ਼ਾਮ ਪੰਜ ਵਜੇ ਤੋਂ ਸਾਢੇ ਛੇ ਵਜੇ ਤੱਕ ਡੇਢ ਘੰਟਾ ਧਰਨਾ ਦਿੱਤਾ ਜਾਂਦਾ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਹੁਣ ਘਰੇਲੂ ਮਜਬੂਰੀ ਕਾਰਨ ਦਿੱਲੀ ਅੰਦੋਲਨ ਵਿੱਚ ਸ਼ਾਮਲ ਨਹੀਂ ਹੋ ਸਕਦਾ, ਜਿਸ ਕਾਰਨ ਆਪਣਾ ਯੋਗਦਾਨ ਪਾਉਣ ਲਈ ਕਸਬੇ ’ਚ ਹੀ ਸੰਕੇਤਕ ਧਰਨਾ ਸ਼ੁਰੂ ਕੀਤਾ ਗਿਆ ਹੈ। ਉਸ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਲੋਕ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਅਸਮਰੱਥ ਹਨ, ਉਹ ਕਿਸੇ ਨਾ ਕਿਸੇ ਢੰਗ ਨਾਲ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ।