ਖੇਤਰੀ ਪ੍ਰਤੀਨਿਧ
ਧੂਰੀ, 7 ਅਗਸਤ
ਧੂਰੀ ਮਾਰਕੀਟ ਕਮੇਟੀ ਵਿੱਚ ਕਰਵਾਏ ਸਮਾਗਮ ਵਿੱਚ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪਿੰਡਾਂ ਅੰਦਰ ਟਿਊਬਵੈੱਲ ਕਾਰਪੋਰੇਸ਼ਨ ਮਹਿਕਮੇ ਦੇ ਖੇਤਾਂ ਨੂੰ ਜਾਂਦੇ ਨਾਲਿਆਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਭੇਜੀ 25 ਕਰੋੜ ਦੀ ਗਰਾਂਟ ਬਾਰੇ ਸਮਾਗਮ ਵਿੱਚ ਜੁੜੀਆਂ ਪੰਚਾਇਤਾਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਪਿੰਡਾਂ ਦੀਆਂ ਪੰਚਾਇਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਨਾਲਿਆਂ ਨੂੰ ਪੱਕਾ ਕਰਵਾਉਣ ਦੇ ਨਾਲ-ਨਾਲ ਅੰਡਰ ਗਰਾਊਂਡ ਪਾਈਪਾਂ ਵੀ ਪਵਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪਾਣੀ ਦੀ ਦੁਰਵਰਤੋਂ ਘਟੇਗੀ ਤੇ ਖੇਤਾਂ ਤੱਕ ਨਹਿਰੀ ਪਾਣੀ ਆਸਾਨੀ ਨਾਲ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਪਿੰਡਾਂ ਅੰਦਰ ਜੰਗਲੀ ਰਕਬੇ ਨੂੰ ਵਧਾਉਣ ਲਈ ਮੁਫਤ ਬੂਟੇ ਦੇਣ ਦਾ ਐਲਾਨ ਕੀਤਾ ਗਿਆ ਤੇ ਪੰਚਾਇਤਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਉੱਪਰ ਐੱਸਡੀਐੱਮ ਇਸਮਤਾ ਸਿੰਘ, ਐੱਸਸੀ ਟਿਊਬਵੈੱਲ ਕਾਰਪੋਰੇਸ਼ਨ ਸੰਮੀ ਸਿੰਗਲਾ ਤੇ ਹੋਰ ਅਧਿਕਾਰੀ ਹਾਜ਼ਰ ਸਨ।