ਹਰਜੀਤ ਸਿੰਘ
ਖਨੌਰੀ, 16 ਅਪਰੈਲ
ਘੱਗਰ ਬੈਲਟ ਦੇ ਕਿਸਾਨਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਦਰਿਆ ਵਿੱਚ ਆਉਣ ਵਾਲੇ ਹੜ੍ਹਾਂ ਤੋਂ ਬਚਾਉਣ ਲਈ ਅੱਜ ਹਲਕਾ ਲਹਿਰਾਗਾਗਾ ਤੋਂ ‘ਆਪ’ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਸਥਾਨਕ ਸ਼ਹਿਰ ਦੇ ਆਰਡੀ 460 ’ਤੇ ਬਣੇ ਫਲੱਡ ਕੰਟਰੋਲ ਰੂਮ ਦਾ ਦੌਰਾ ਕੀਤਾ ਅਤੇ ਜੀਸੀਬੀ ਮਸ਼ੀਨਾਂ ਨਾਲ ਦਰਿਆ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਅੱਜ ਹੀ ਮਸ਼ੀਨਾਂ ਲਾ ਕੇ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜੋ ਖਨੌਰੀ ਤੋਂ ਸ਼ੁਰੂ ਹੋ ਕੇ ਮਕੋਰੜ ਸਾਹਿਬ ਹੁੰਦਾ ਹੋਇਆ ਪਿੰਡ ਕੜੈਲ ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਰਿਆ ਦੀ ਸਫ਼ਾਈ ਦੇ ਇਸ ਕੰਮ ਲਈ 62 ਲੱਖ ਰੁਪਏ ਦਾ ਪ੍ਰਾਜੈਕਟ ਪਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਮਨਰੇਗਾ ਦੇ ਤਹਿਤ ਵੀ ਪੈਸੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਜਿਸ ਲਈ ਇਕ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਅਤੇ ਸਫ਼ਾਈ ਦੇ ਨਾਲ-ਨਾਲ ਜਿੱਥੇ ਵੀ ਜ਼ਰੂਰਤ ਹੈ ਬੰਨ੍ਹਾਂ ਦੀ ਮਜ਼ਬੂਤੀ ਦਾ ਵੀ ਕੰਮ ਕਰਵਾਇਆ ਜਾਵੇਗਾ। ਬਰਸਾਤਾਂ ਤੋਂ ਪਹਿਲਾਂ ਘੱਗਰ ਦਰਿਆ ਦੀ ਸਫ਼ਾਈ ਅਤੇ ਮਜ਼ਬੂਤੀ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪੀਏ ਰਾਕੇਸ਼ ਕੁਮਾਰ ਗੁਪਤਾ, ਸੀਨੀਅਰ ਆਗੂ ਤਰਸੇਮ ਸਿੰਗਲਾ, ਸਹਾਰਾ ਕਲੱਬ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ, ਟਰੱਕ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਉੱਪਲ, ਟਰੱਕ ਮਾਰਕਿਟ ਪ੍ਰਧਾਨ ਸੁਭਾਸ਼ ਚੰਦ ਮਿੱਤਲ ਸ਼ੁਤਰਾਣਾਵਾਲੇ, ਵੀਰ ਭਾਨ ਕਾਂਸਲ, ਰਾਕੇਸ਼ ਕੁਮਾਰ ਸੋਨੂੰ, ਭਗਵਾਨ ਦਾਸ ਬਲ਼ੂ ਪ੍ਰਧਾਨ ਟਰੱਕ ਮਾਰਕੀਟ ਅਤੇ ਯੂਥ ਆਗੂ ਸ਼ੈਟੀ ਮਿੱਤਲ ਆਦਿ ਹਾਜ਼ਰ ਸਨ।